ਜੰਗਲਾਤ ਅਧਿਕਾਰੀ 15,000 ਰੁਪਏ ਦੀ ਰਿਸ਼ਵਤ ਲੈਂਦਾ ਰੰਗੇ ਹੱਥੀ ਕਾਬੂ

ਗੜ੍ਹਸ਼ੰਕਰ: ਪੰਜਾਬ ਵਿਜੀਲੈਂਸ ਬਿਊਰੋ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਮਾਹਿਲਪੁਰ ਵਿੱਚ ਤਾਇਨਾਤ ਜੰਗਲਾਤ ਅਧਿਕਾਰੀ ਸੁਰਿੰਦਰਪਾਲ ਜੀਤ ਸਿੰਘ ਨੂੰ 15,000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਡੀ.ਐਸ.ਪੀ. ਮਨਦੀਪ ਸਿੰਘ ਸੇਖੋਂ ਨੇ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਥੇੜਾ ਪਿੰਡ ਦੇ ਵਸਨੀਕ ਤਰਲੋਚਨ ਸਿੰਘ ਨੇ ਵਿਭਾਗ ਕੋਲ ਸ਼ਿਕਾਇਤ ਦਰਜ ਕਰਵਾਈ ਸੀ।ਸ਼ਿਕਾਇਤ ਅਨੁਸਾਰ, ਜੰਗਲਾਤ ਵਿਭਾਗ ਦੇ ਕੁਝ ਅਧਿਕਾਰੀਆਂ ਨੇ ਸਰਕਾਰੀ ਲੱਕੜ ਕੱਟਣ ਅਤੇ ਵਰਤੋਂ ਕਰਨ ਦੇ ਝੂਠੇ ਦੋਸ਼ਾਂ ਤਹਿਤ ਉਸ ਦੇ ਲੱਕੜ ਦੇ ਸਾਮਾਨ ਨੂੰ ਜ਼ਬਤ ਕਰ ਲਿਆ ਸੀ। ਇਹ ਵੀ ਦੋਸ਼ ਲਗਾਇਆ ਗਿਆ ਸੀ ਕਿ ਅਧਿਕਾਰੀਆਂ ਨੇ ਜ਼ਬਤ ਕੀਤੇ ਸਾਮਾਨ ਨੂੰ ਛੱਡਣ ਦੇ ਬਦਲੇ ਰਿਸ਼ਵਤ ਦੀ ਮੰਗ ਕੀਤੀ ਸੀ।ਸ਼ਿਕਾਇਤਕਰਤਾ ਨੇ ਦੱਸਿਆ ਕਿ ਕੁੱਲ ਰਿਸ਼ਵਤ ਦੀ ਰਕਮ 27,000 ਰੁਪਏ ਸੀ, ਜਿਸ ਵਿੱਚੋਂ 12,000 ਰੁਪਏ ਪਹਿਲਾਂ ਹੀ ਅਦਾ ਕਰ ਦਿੱਤੇ ਜਾ ਚੁੱਕੇ ਸਨ। ਸ਼ਿਕਾਇਤ ‘ਤੇ ਤੁਰੰਤ ਕਾਰਵਾਈ ਕਰਦੇ ਹੋਏ, ਵਿਜੀਲੈਂਸ ਬਿਊਰੋ ਨੇ ਜਾਲ ਵਿਛਾ ਕੇ ਦੋਸ਼ੀ ਜੰਗਲਾਤ ਅਧਿਕਾਰੀ ਨੂੰ ਬਾਕੀ 15,000 ਰੁਪਏ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ। ਭ੍ਰਿਸ਼ਟਾਚਾਰ ਰੋਕਥਾਮ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।