ਮਰਹੂਮ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਪਰਿਵਾਰ ਨੇ ਫਿਲਮ “ਯਮਲਾ” ਨੂੰ ਰਿਲੀਜ਼ ਕਰਨ ਦਾ ਕੀਤਾ ਫ਼ੈਸਲਾ
ਪੰਜਾਬ: ਮਰਹੂਮ ਪੰਜਾਬੀ ਗਾਇਕ ਰਾਜਵੀਰ ਜਵੰਦਾ ਅੱਜ ਵੀ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਜ਼ਿੰਦਾ ਹਨ। ਉਨ੍ਹਾਂ ਦੇ ਪਰਿਵਾਰ ਨੇ ਮਰਹੂਮ ਗਾਇਕ ਦੀ ਫਿਲਮ “ਯਮਲਾ” ਨੂੰ ਰਿਲੀਜ਼ ਕਰਨ ਦਾ ਫ਼ੈਸਲਾ ਕੀਤਾ ਹੈ । ਰਾਜਵੀਰ ਜਵੰਦਾ ਦੇ ਪਰਿਵਾਰ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕੀਤੀ, ਜਿਸ ਵਿੱਚ ਕਿਹਾ ਗਿਆ ਹੈ ਕਿ ਫਿਲਮ ਦੀ ਰਿਲੀਜ਼ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ।ਪਰਿਵਾਰ ਨੇ ਇੱਕ ਭਾਵੁਕ ਸੁਨੇਹਾ ਸਾਂਝਾ ਕੀਤਾ, ਜਿਸ ਵਿੱਚ ਲਿਖਿਆ, “ਇੱਕ ਕਲਾਕਾਰ ਇਸ ਦੁਨੀਆਂ ਤੋਂ ਚਲਾ ਜਾ ਸਕਦਾ ਹੈ, ਪਰ ਉਨ੍ਹਾਂ ਦੀ ਕਲਾ ਹਮੇਸ਼ਾ ਲਈ ਜ਼ਿੰਦਾ ਰਹਿੰਦੀ ਹੈ।” ਦੱਸਿਆ ਗਿਆ ਹੈ ਕਿ “ਯਮਲਾ” ਦੀ ਸ਼ੂਟਿੰਗ 2019 ਵਿੱਚ ਪੂਰੀ ਹੋ ਗਈ ਸੀ। ਪਰਿਵਾਰ ਨੇ ਫਿਲਮ ਨਾਲ ਜੁੜੇ ਲੋਕਾਂ ਨਾਲ ਸੰਪਰਕ ਕੀਤਾ ਹੈ ਅਤੇ ਪ੍ਰਕਿਰਿਆ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ।ਜ਼ਿਕਰਯੋਗ ਹੈ ਕਿ ਰਾਜਵੀਰ ਜਵੰਦਾ ਦੀ 27 ਸਤੰਬਰ ਨੂੰ ਇੱਕ ਸੜਕ ਹਾਦਸੇ ਵਿੱਚ ਦੁਖਦਾਈ ਮੌਤ ਹੋ ਗਈ ਸੀ। ਬੱਦੀ ਤੋਂ ਸ਼ਿਮਲਾ ਜਾਂਦੇ ਸਮੇਂ ਪਿੰਜੌਰ ਦੇ ਨੇੜੇ ਉਹ ਹਦਸਾਗ੍ਰਸਤ ਹੋ ਗਏ ਸਨ , ਜਦੋਂ ਉਨ੍ਹਾਂ ਦੀ ਮੋਟਰਸਾਇਕਲ ਸੜਕ ‘ਤੇ ਲੜ ਰਹੇ ਦੋ ਸਾਂਡਾ ਤੋਂ ਬਚਣ ਦੀ ਕੋਸ਼ਿਸ਼ ਵਿੱਚ ਫਿਸਲ ਗਈ ।ਉਹ ਕਰੀਬ 11 ਦਿਨ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਰਹੇ ਅਤੇ 12ਵੇਂ ਦਿਨ, 35 ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦੇ ਪਰਿਵਾਰ ਨੇ ਹੁਣ ਉਨ੍ਹਾਂ ਦੀ ਆਖਰੀ ਫਿਲਮ, “ਯਮਲਾ” ਨੂੰ ਜਲਦੀ ਹੀ ਦਰਸ਼ਕਾਂ ਲਈ ਰਿਲੀਜ਼ ਕਰਨ ਦਾ ਫੈਸਲਾ ਕੀਤਾ ਹੈ, ਤਾਂ ਜੋ ਉਨ੍ਹਾਂ ਦੀ ਕਲਾ ਅਤੇ ਯਾਦਾਂ ਹਮੇਸ਼ਾ ਲਈ ਜ਼ਿੰਦਾ ਰਹਿਣ।
SikhDiary