ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ’ਚ ਪਾਲਤੂ ਤੇ ਆਵਾਰਾ ਕੁੱਤਿਆਂ ਸੰਬੰਧੀ ਜਾਰੀ ਕੀਤੇ ਨਵੇਂ ਨਿਯਮ

ਚੰਡੀਗੜ੍ਹ : ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਪਾਲਤੂ ਅਤੇ ਕਮਿਊਨਿਟੀ (ਆਵਾਰਾ) ਕੁੱਤਿਆਂ ਸੰਬੰਧੀ ਨਵੇਂ ਨਿਯਮ ਜਾਰੀ ਕੀਤੇ ਹਨ। ਇਨ੍ਹਾਂ ਨਿਯਮਾਂ ਦੇ ਤਹਿਤ, ਪਾਲਤੂ ਜਾਨਵਰਾਂ ਦੇ ਮਾਲਕਾਂ ਨੂੰ ਹੁਣ ਕਈ ਗੱਲਾਂ ਦਾ ਧਿਆਨ ਰੱਖਣਾ ਹੋਵੇਗਾ।ਹੁਣ, ਹਰੇਕ ਪਾਲਤੂ ਕੁੱਤੇ ਦਾ ਨਗਰ ਨਿਗਮ ਨਾਲ ਰਜਿਸਟਰ ਕਰਵਾਉਣਾ ਜ਼ਰੂਰੀ ਹੋ ਗਿਆ ਹੈ। ਇਸ ਦੇ ਲਈ ₹500 ਫੀਸ ਰੱਖੀ ਗਈ ਹੈ, ਅਤੇ ਹਰ ਪੰਜ ਸਾਲਾਂ ਬਾਅਦ ₹50 ਵਿੱਚ ਰਜਿਸਟ੍ਰੇਸ਼ਨ ਦੁਆਰਾ ਕਰਵਾਇਆ ਹੋਵੇਗਾ। ਹਰੇਕ ਰਜਿਸਟਰਡ ਕੁੱਤੇ ਨੂੰ ਇੱਕ ਧਾਤ ਦਾ ਟੋਕਨ ਅਤੇ ਕਾਲਰ ਨਾਲ ਲੈਸ ਪਵਾਉਣਾ ਜ਼ਰੂਰੀ ਹੈ। ਜੇ ਕੋਈ ਕੁੱਤਾ ਬਿਨਾਂ ਰਜਿਸਟ੍ਰੇਸ਼ਨ ਤੋਂ ਮਿਲਿਆ, ਤਾਂ ਨਗਰ ਨਿਗਮ ਉਸਨੂੰ ਫੜ ਸਕਦਾ ਹੈ।ਜੇਕਰ ਕੋਈ ਵਿਅਕਤੀ ਗੈਰ-ਰਜਿਸਟਰਡ ਕੁੱਤਾ ਰੱਖਦਾ ਹੈ, ਜਨਤਕ ਖੇਤਰਾਂ ਵਿੱਚ ਕੂੜਾ ਫੈਲਾਉਦਾ ਹੈ, ਜਾਂ ਖੁੱਲ੍ਹੇ ਵਿੱਚ ਕੁੱਤਿਆਂ ਨੂੰ ਖਾਣਾ ਖੁਆਉਂਦਾ ਹੈ, ਤਾਂ ਉਸਨੂੰ ₹10,000 ਤੱਕ ਦਾ ਜੁਰਮਾਨਾ ਲਗਾਇਆ ਜਾਵੇਗਾ।ਘਰ ਦੇ ਸਾਈਜ਼ ਮੁਤਾਬਕ ਕੁੱਤੇ ਰੱਖਣ ਦੀ ਗਿਣਤੀ ਵੀ ਤੈਅ ਕੀਤੀ ਗਈ ਹੈ: 5 ਮਰਲੇ ਤੱਕ ਦੇ ਘਰ ਵਿੱਚ — 1 ਕੁੱਤਾ, 5 ਤੋਂ 12 ਮਰਲੇ ਦੇ ਘਰ ਵਿੱਚ — 2 ਕੁੱਤੇ, 12 ਮਰਲੇ ਤੋਂ 1 ਕਨਾਲ ਦੇ ਘਰ ਵਿੱਚ — 3 ਕੁੱਤੇ, 1 ਕਨਾਲ ਤੋਂ ਵੱਡੇ ਘਰ ਵਿੱਚ — 4 ਕੁੱਤਿਆਂ ਤੱਕ ਰੱਖੇ ਜਾ ਸਕਣਗੇ।ਜੇਕਰ ਇੱਕ ਹੀ ਇਮਾਰਤ ਵਿੱਚ ਵੱਖ-ਵੱਖ ਮੰਜ਼ਿਲਾਂ ‘ਤੇ ਪਰਿਵਾਰ ਰਹਿੰਦੇ ਹਨ, ਤਾਂ ਹਰ ਪਰਿਵਾਰ ਨੂੰ ਆਪਣੇ ਹਿੱਸੇ ਦੇ ਅਨੁਸਾਰ ਵੱਖਰਾ ਰਜਿਸਟਰੇਸ਼ਨ ਕਰਵਾਉਣਾ ਪਵੇਗਾ।ਪ੍ਰਸ਼ਾਸਨ ਨੇ ਕੁਝ ਖ਼ਤਰਨਾਕ ਨਸਲਾਂ ਦੇ ਕੁੱਤਿਆਂ ‘ਤੇ ਰੋਕ ਵੀ ਲਾ ਦਿੱਤੀ ਹੈ। ਇਨ੍ਹਾਂ ਵਿੱਚ ਅਮਰੀਕਨ ਬੁੱਲਡੌਗ, ਪਿੱਟਬੁਲ, ਬੁੱਲ ਟੈਰੀਅਰ, ਕੇਨ ਕੋਰਸੋ, ਡੋਗੋ ਅਰਜਨਟੀਨੋ ਅਤੇ ਰੌਟਵੀਲਰ ਵਰਗੀਆਂ ਨਸਲਾਂ ਸ਼ਾਮਲ ਹਨ। ਹੁਣ ਇਨ੍ਹਾਂ ਨਸਲਾਂ ਨੂੰ ਚੰਡੀਗੜ੍ਹ ਵਿੱਚ ਪਾਲਤੂ ਜਾਨਵਰਾਂ ਵਜੋਂ ਨਹੀਂ ਰੱਖਿਆ ਜਾ ਸਕੇਗਾ।ਪਾਲਤੂ ਕੁੱਤਿਆਂ ਨੂੰ ਸੁਖਨਾ ਝੀਲ, ਰੋਜ਼ ਗਾਰਡਨ, ਸ਼ਾਂਤੀਕੁੰਜ, ਲੀਜ਼ਰ ਵੈਲੀ, ਮਿੰਨੀ ਰੋਜ਼ ਗਾਰਡਨ, ਟੈਰੇਸ ਗਾਰਡਨ, ਸ਼ਿਵਾਲਿਕ ਗਾਰਡਨ ਅਤੇ ਬੋਟੈਨੀਕਲ ਗਾਰਡਨ ਵਰਗੀਆਂ ਜਨਤਕ ਥਾਵਾਂ ‘ਤੇ ਦਾਖਲ ਹੋਣ ਦੀ ਵੀ ਮਨਾਹੀ ਹੋਵੇਗੀ।ਇਨ੍ਹਾਂ ਨਵੇਂ ਨਿਯਮਾਂ ਦਾ ਉਦੇਸ਼ ਸ਼ਹਿਰ ਨੂੰ ਸਾਫ਼, ਸੁਰੱਖਿਅਤ ਅਤੇ ਵਧੇਰੇ ਸ਼ਾਂਤਮਈ ਬਣਾਉਣਾ ਹੈ ਤਾਂ ਜੋ ਲੋਕ ਅਤੇ ਜਾਨਵਰ ਦੋਵੇਂ ਸੁਰੱਖਿਅਤ ਰਹਿ ਸਕਣ।