ਵਾਲੀਬਾਲ ਖਿਡਾਰੀ ਦੇ ਕਤਲ ਦੇ ਦੋਸ਼ ‘ਚ 3 ਮੁਲਜ਼ਮ ਹਥਿਆਰਾਂ ਸਮੇਤ ਕਾਬੂ
ਤਰਨ ਤਾਰਨ : ਪਿਛਲੇ ਮੰਗਲਵਾਰ ਨੂੰ ਦਾਣਾ ਮੰਡੀ, ਸਰਹਾਲੀ ਕਲਾਂ ਵਿੱਚ ਇੱਕ ਨਾਬਾਲਗ ਵਾਲੀਬਾਲ ਖਿਡਾਰੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਸੀ। ਜਿਸ ਸਬੰਧੀ ਪੁਲਿਸ ਨੇ ਕੁੱਲ 13 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਥਾਣਾ ਸਰਹਾਲੀ ਅਤੇ ਥਾਣਾ ਹਰੀਕੇ ਦੀ ਪੁਲਿਸ ਨੇ ਇਸ ਮਾਮਲੇ ਵਿੱਚ 2 ਨਾਬਾਲਗਾਂ ਸਮੇਤ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਦੌਰਾਨ ਪੁਲਿਸ ਨੇ ਕਤਲ ਵਿੱਚ ਵਰਤੇ ਗਏ ਤੇਜ਼ਧਾਰ ਹਥਿਆਰ ਵੀ ਬਰਾਮਦ ਕੀਤੇ ਹਨ।ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਦੇ ਐਸ.ਐਸ.ਪੀ ਦੀਪਕ ਪਾਰੀਕ ਨੇ ਦੱਸਿਆ ਕਿ ਪਿਛਲੇ ਮੰਗਲਵਾਰ ਬਿਬੇਕਬੀਰ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਵਾਸੀ ਪਿੰਡ ਠੱਟਾ ਦਾ ਦਾਣਾ ਮੰਡੀ, ਸਰਹਾਲੀ ਕਲਾਂ ਵਿੱਚ ਪਹਿਲਾਂ ਉਸ ਨਾਲ ਪੜ੍ਹਦੇ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਸੀ। ਜਿਸ ਤੋਂ ਬਾਅਦ ਥਾਣਾ ਸਰਹਾਲੀ ਦੀ ਪੁਲਿਸ ਨੇ ਕੁੱਲ 13 ਲੋਕਾਂ ਖ਼ਿਲਾਫ਼ ਕੇਸ ਦਰਜ ਕਰਕੇ 3 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਹੈ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।ਐਸ.ਐਸ.ਪੀ ਨੇ ਕਿਹਾ ਕਿ ਇਸ ਕਤਲ ਦਾ ਮੁੱਖ ਕਾਰਨ ਸਕੂਲ ਸਮੇਂ ਦੌਰਾਨ ਹੋਈ ਦੁਸ਼ਮਣੀ ਦੱਸੀ ਜਾ ਰਹੀ ਹੈ, ਪਰ ਪੁਲਿਸ ਸੱਚਾਈ ਤੱਕ ਪਹੁੰਚਣ ਲਈ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਸਰਹਾਲੀ ਅਤੇ ਹਰੀਕੇ ਥਾਣੇ ਦੇ ਪੁਲਿਸ ਥਾਣਾ ਮੁਖੀਆਂ ਨੇ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਕਤਲ ਵਿੱਚ ਵਰਤੀ ਗਈ ਦਾਤਰੀ ਅਤੇ ਲੋਹੇ ਦੀ ਰਾਡ ਵੀ ਬਰਾਮਦ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਕਤਲ ਕੇਸ ਵਿੱਚ ਨਾਮਜ਼ਦ ਦੋ ਮੁਲਜ਼ਮ ਨਾਬਾਲਗ ਹਨ, ਜਿਨ੍ਹਾਂ ਨੂੰ ਬਾਲ ਸੁਧਾਰ ਘਰ ਭੇਜਿਆ ਜਾਵੇਗਾ, ਜਦੋਂ ਕਿ ਤੀਜੇ ਦੀ ਪਛਾਣ ਜਗਲੀਨ ਸਿੰਘ ਉਰਫ਼ ਹਰਨੂਰ ਗੋਲਣ ਪੁੱਤਰ ਦਵਿੰਦਰ ਸਿੰਘ ਉਰਫ਼ ਸੁਰਜਨ ਸਿੰਘ ਵਾਸੀ ਭਿੱਖੀਵਿੰਡ ਵਜੋਂ ਹੋਈ ਹੈ, ਜੋ ਕਿ ਲਗਭਗ ਡੇਢ ਮਹੀਨੇ ਪਹਿਲਾਂ 18 ਸਾਲ ਦਾ ਹੋ ਗਿਆ ਸੀ।ਐਸ.ਐਸ.ਪੀ ਦੀਪਕ ਪਾਰੀਕ ਨੇ ਦੱਸਿਆ ਕਿ ਮ੍ਰਿਤਕ ਬਿਬੇਕਬੀਰ ਸਿੰਘ ਦੀ ਲਾਸ਼ ਅੱਜ ਸਿਵਲ ਹਸਪਤਾਲ ਤਰਨਤਾਰਨ ਵਿਖੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਵਾਰਸਾਂ ਨੂੰ ਸੌਂਪ ਦਿੱਤੀ ਗਈ, ਜਿਨ੍ਹਾਂ ਨੇ ਉਸਦਾ ਅੰਤਿਮ ਸੰਸਕਾਰ ਵੀ ਕੀਤਾ। ਇਸ ਮੌਕੇ ਡੀ.ਐਸ.ਪੀ ਲਵਕੇਸ਼ ਕੁਮਾਰ, ਹਰੀਕੇ ਥਾਣੇ ਦੇ ਮੁਖੀ ਕਵਲਜੀਤ ਰਾਏ, ਸਰਹਾਲੀ ਥਾਣੇ ਦੇ ਮੁਖੀ ਬਲਜਿੰਦਰ ਸਿੰਘ, ਪੀਆਰਓ ਜਗਦੀਪ ਸਿੰਘ, ਪ੍ਰਿੰਸ ਪ੍ਰੀਤ ਸਿੰਘ ਆਦਿ ਹਾਜ਼ਰ ਸਨ।