ਹੁਸ਼ਿਆਰਪੁਰ ‘ਚ ਵਾਰਡ ਨੰਬਰ 4 ਕਲੋਨੀ ‘ਚ 10.83 ਲੱਖ ਦੀ ਲਾਗਤ ਨਾਲ ਬਣੇਗੀ ਪੱਕੀ ਗਲੀ, ਲੋਕਾਂ ਨੂੰ ਮਿਲਣਗੀਆਂ ਸਹੂਲਤਾਂ

ਹੁਸ਼ਿਆਰਪੁਰ :  ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਵਿਧਾਨ ਸਭਾ ਹਲਕਾ ਸ਼ਾਮ ਚੁਰਾਸੀ ਦੇ ਕਸਬਾ ਹਰਿਆਣਾ ਵਿਚ ਲੰਮੇ ਸਮੇਂ ਤੋਂ ਪੈਂਡਿੰਗ ਵਿਕਾਸ ਕਾਰਜ ਦਾ ਉਦਘਾਟਨ ਕੀਤਾ। ਉਨ੍ਹਾਂ ਵਾਰਡ ਨੰਬਰ 4 ਦੇ ਢੋਲ ਕਲੋਨੀ ਵਿੱਚ 15 ਸਾਲਾਂ ਤੋਂ ਅਧੂਰੇ ਪਏ ਇਕ ਕੱਚੀ ਗਲੀ ਨੂੰ ਪੱਕਾ ਕਰਨ ਦੇ ਕਾਰਜ ਦੀ ਸ਼ੁਰੂਆਤ ਕੀਤੀ। ਇਹ ਗਲੀ ਹੁਣ 10.83 ਲੱਖ ਰੁਪਏ ਦੀ ਲਾਗਤ ਨਾਲ ਪੱਕੀ ਬਣਾਈ ਜਾਵੇਗੀ, ਜਿਸ ਨਾਲ ਸਥਾਨਕ ਨਿਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ।ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਿਚ ਸੂਬੇ ਦੇ ਹਰ ਕੋਨੇ ਵਿਚ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਪਹਿਲ ਦੇ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਗਲੀ ਦੇ ਪੱਕਾ ਹੋਣ ਨਾਲ ਨਾ ਕੇਵਲ ਸਥਾਨਕ ਨਿਵਾਸੀਆਂ ਨੂੰ ਮੀਂਹ ਅਤੇ ਧੂਲ ਦੀ ਸਮੱਸਿਆ ਤੋਂ ਰਾਹਤ ਮਿਲੇਗੀ, ਬਲਕਿ ਆਵਾਜਾਈ ਵੀ ਆਸਾਨ ਹੋ ਜਾਵੇਗੀ ਅਤੇ ਇਲਾਕੇ ਦੀ ਸੁੰਦਰਤਾ ਵੀ ਵਧੇਗੀ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਬਿਨਾਂ ਕਿਸੇ ਭੇਦਭਾਵ ਦੇ ਹਰ ਪਿੰਡ, ਕਸਬੇ ਅਤੇ ਸ਼ਹਿਰ ਵਿੱਚ ਵਿਕਾਸ ਕਾਰਜ ਕਰਵਾ ਰਹੀ ਹੈ।ਇਹ ਗਲੀ ਲੋਕਾਂ ਦੀ ਲੰਬੇ ਸਮੇਂ ਤੋਂ ਮੰਗ ਸੀ ਅਤੇ ਹੁਣ ਇਹ ਕੰਮ ਤੇਜ਼ੀ ਨਾਲ ਪੂਰਾ ਕੀਤਾ ਜਾਵੇਗਾ। ਡਾ. ਰਵਜੋਤ ਸਿੰਘ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਸਾਰੀ ਕਾਰਜ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ ਅਤੇ ਕੰਮ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਪੂਰਾ ਕੀਤਾ ਜਾਵੇ। ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਇਲਾਕੇ ਵਿੱਚ ਹੋਰ ਵਿਕਾਸ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ।ਇਸ ਮੌਕੇ ‘ਤੇ ਸ਼ਹਿਰੀ ਪ੍ਰਧਾਨ ਮੁਕੇਸ਼ ਡਡਵਾਲ, ਸੁਖਦੇਵ ਸ਼ਰਮਾ, ਅਮਨਦੀਪ ਸਿੰਘ, ਡਾ. ਸੰਦੀਪ, ਡਾ. ਮਨੀਸ਼ ਕੁਮਾਰ ਅਤੇ ਰਾਜ ਕੁਮਾਰ ਤੋਂ ਇਲਾਵਾ ਹੋਰ ਪਤਵੰਤੇ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ। ਸਾਰਿਆਂ ਨੇ ਇਸ ਪਹਿਲਕਦਮੀ ਲਈ ਸਥਾਨਕ ਸਰਕਾਰਾਂ ਮੰਤਰੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਗਲੀ-ਮੁਹੱਲਾ ਹਰਿਆਣਾ ਲਈ ਇੱਕ ਇਤਿਹਾਸਕ ਵਿਕਾਸ ਕਦਮ ਹੈ।