ਕਥਾਵਾਚਕ ਸਵਾਮੀ ਵਿਕਾਸ ਦਾਸ ਮਹਾਰਾਜ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
ਪੰਜਾਬ : ਕਥਾਵਾਚਕ, ਵਿਸ਼ਵ ਹਿੰਦੂ ਤਖ਼ਤ ਦੇ ਜਨਰਲ ਸਕੱਤਰ ਅਤੇ ਪੰਜਾਬ ਇੰਚਾਰਜ ਸਵਾਮੀ ਵਿਕਾਸ ਦਾਸ ਮਹਾਰਾਜ (Swami Vikas Das Maharaj) ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਹ ਧਮਕੀ ਉਨ੍ਹਾਂ ਨੂੰ ਖਾਟੂ ਸ਼ਿਆਮ ਆਸ਼ਰਮ (Khatu Shyam Ashram) ਦੇ ਬਾਹਰ ਖੜ੍ਹੀ ਉਨ੍ਹਾਂ ਦੀ ਕਾਰ ‘ਤੇ ਕੱਟੇ ਹੋਏ ਮੁਰਗੇ ਦੇ ਹੇਠਾਂ ਰੱਖੇ ਇਕ ਪੱਤਰ ਰਾਹੀਂ ਮਿਲੀ ਸੀ।ਮੰਗਲਵਾਰ ਸਵੇਰੇ ਕਰੀਬ 3.30 ਵਜੇ ਚਿੱਟੇ ਰੰਗ ਦੀ ਸਵਿਫਟ ਕਾਰ ‘ਚ ਸਵਾਰ ਦੋ ਨਕਾਬਪੋਸ਼ ਹੱਥਾਂ ‘ਚ ਹਥਿਆਰ ਲੈ ਕੇ ਮੁਬਾਰਕਪੁਰ-ਰਾਮਗੜ੍ਹ ਰੋਡ ‘ਤੇ ਸ਼ਿਵਜੋਤ ਕਾਲੋਨੀ ਸਥਿਤ ਖਾਟੂ ਸ਼ਿਆਮ ਆਸ਼ਰਮ ‘ਚ ਆਏ। ਆਸ਼ਰਮ ਦਾ ਦਰਵਾਜ਼ਾ ਬੰਦ ਹੁੰਦੇ ਹੀ ਉਹ ਬਾਹਰ ਖੜ੍ਹੀ ਕਾਰ ‘ਚ ਕਾਲੇ ਰੰਗ ਦਾ ਲਿਫਾਫਾ ਜਿਸ ‘ਚ ਕੱਟਿਆ ਹੋਇਆ ਮੁਰਗਾ ਅਤੇ ਧਮਕੀ ਭਰਿਆ ਪੱਤਰ ਰੱਖ ਕੇ ਭੱਜ ਗਏ। ਧਮਕੀ ਭਰੇ ਪੱਤਰ ‘ਚ ਲਿਖਿਆ ਸੀ, ‘ਵਿਕਾਸ ਦਾਸ, ਤੇਰੀ ਮੌਤ ਨੇੜੇ ਹੈ, ਖਾਲਿਸਤਾਨੀਆਂ ਖ਼ਿਲਾਫ਼ ਜੋ ਜ਼ਹਿਰ ਤੂੰ ਉਗਲਿਆ ਹੈ, ਉਸ ਦਾ ਨਤੀਜਾ ਤੈਨੂੰ ਭੁਗਤਣਾ ਪਵੇਗਾ, ਬਹੁਤ ਜਲਦੀ ਤੈਨੂੰ ਵੀ ਇਸ ਮੁਰਗੇ ਵਾਂਗ ਵੱਢਿਆ ਜਾਵੇਗਾ, ਅਸੀਂ ਤੈਨੂੰ ਮਾਰ ਦੇਵਾਂਗੇ, 100 ਪ੍ਰਤੀਸ਼ਤ, ਜੇ ਹੋ ਸਕੇ ਤਾਂ ਭੱਜ ਜਾ… ਖਾਲਿਸਤਾਨ ਜ਼ਿੰਦਾਬਾਦ। ਸੂਚਨਾ ਮਿਲਣ ‘ਤੇ ਏ.ਐੱਸ.ਪੀ. ਵੈਭਵ ਚੌਧਰੀ, ਡੇਰਾਬੱਸੀ ਥਾਣਾ ਮੁਖੀ ਮਨਦੀਪ ਸਿੰਘ ਅਤੇ ਮੁਬਾਰਕਪੁਰ ਚੌਕੀ ਦੇ ਇੰਚਾਰਜ ਸਤਨਾਮ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।