5 ਸਾਲਾ ਬੱਚੇ ਦੇ ਕਤਲ ਮਾਮਲੇ ’ਚ ਦੋਸ਼ੀ ਨੂੰ ਫਾਂਸੀ ਦੀ ਸਜ਼ਾ

ਹੁਸ਼ਿਆਰਪੁਰ: ਹੁਸ਼ਿਆਰਪੁਰ ਵਿੱਚ ਪਿਛਲੇ ਸਾਲ 5 ਸਾਲਾ ਬੱਚੇ ਨਾਲ ਜਿਨਸੀ ਅਪਰਾਧ ਤੋਂ ਬਾਅਦ ਉਸ ਦੀ ਹੱਤਿਆ ਦੇ ਮਾਮਲੇ ਵਿੱਚ ਪੋਕਸੋ ਦੀ ਵਿਸ਼ੇਸ਼ ਫਾਸਟ ਟਰੈਕ ਅਦਾਲਤ ਨੇ ਅਹਿਮ ਫੈਸਲਾ ਸੁਣਾਇਆ ਹੈ। ਅਦਾਲਤ ਨੇ ਮਾਮਲੇ ਦੇ ਦੋਸ਼ੀ ਨਾਨਕੇ ਯਾਦਵ ਨੂੰ ਦੋਸ਼ੀ ਕਰਾਰ ਦਿੰਦਿਆਂ ਮੌਤ ਦੀ ਸਜ਼ਾ ਸੁਣਾਈ ਹੈ।ਇਹ ਫੈਸਲਾ ਐਡੀਸ਼ਨਲ ਸੈਸ਼ਨ ਜੱਜ ਅਤੇ ਫਾਸਟ ਟਰੈਕ ਕੋਰਟ ਦੀ ਜੱਜ ਮਨਪ੍ਰੀਤ ਕੌਰ ਦੀ ਅਦਾਲਤ ਵੱਲੋਂ ਸੁਣਾਇਆ ਗਿਆ। ਦੋਸ਼ੀ ਨੂੰ ਪੋਕਸੋ ਐਕਟ ਦੀ ਧਾਰਾ 6 ਅਤੇ ਭਾਰਤੀ ਨਿਆਂ ਸੰਹਿਤਾ (BNS) ਦੀ ਧਾਰਾ 103 ਤਹਿਤ ਦੋਸ਼ੀ ਪਾਇਆ ਗਿਆ ਹੈ।ਜਾਣਕਾਰੀ ਮੁਤਾਬਕ ਇਹ ਮਾਮਲਾ ਹੁਸ਼ਿਆਰਪੁਰ ਸ਼ਹਿਰ ਦੇ ਦੀਪ ਨਗਰ ਇਲਾਕੇ ਨਾਲ ਸਬੰਧਤ ਹੈ। ਪਿਛਲੇ ਸਾਲ ਬੱਚਾ ਘਰ ਦੇ ਬਾਹਰ ਖੇਡ ਰਿਹਾ ਸੀ, ਜਿੱਥੋਂ ਦੋਸ਼ੀ ਉਸ ਨੂੰ ਆਪਣੇ ਨਾਲ ਲੈ ਗਿਆ ਸੀ। ਬਾਅਦ ਵਿੱਚ ਬੱਚੇ ਦੀ ਲਾਸ਼ ਪੁਰਹੀਰਾਂ ਇਲਾਕੇ ਦੇ ਸ਼ਮਸ਼ਾਨ ਘਾਟ ਨੇੜਿਓਂ ਬਰਾਮਦ ਹੋਈ ਸੀ।ਘਟਨਾ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰਦਿਆਂ ਦੋਸ਼ੀ ਨੂੰ ਨੇੜਲੀ ਸਬਜ਼ੀ ਮੰਡੀ ਤੋਂ ਗ੍ਰਿਫ਼ਤਾਰ ਕੀਤਾ ਸੀ। ਮਾਮਲੇ ਦੀ ਸੁਣਵਾਈ ਦੌਰਾਨ ਪੁਲਿਸ ਵੱਲੋਂ ਇਕੱਠੇ ਕੀਤੇ ਸਬੂਤ ਅਤੇ ਗਵਾਹੀਆਂ ਅਦਾਲਤ ਦੇ ਸਾਹਮਣੇ ਰੱਖੀਆਂ ਗਈਆਂ।ਪੀੜਤ ਪਰਿਵਾਰ ਦੇ ਵਕੀਲ ਅਸ਼ਵਨੀ ਕੁਮਾਰ ਵਰਮਾ ਨੇ ਦੱਸਿਆ ਕਿ ਸੁਣਵਾਈ ਦੌਰਾਨ ਬਚਾਅ ਪੱਖ ਵੱਲੋਂ ਵੀ ਆਪਣੀਆਂ ਦਲੀਲਾਂ ਪੇਸ਼ ਕੀਤੀਆਂ ਗਈਆਂ, ਜਦਕਿ ਪੀੜਤ ਪੱਖ ਨੇ ਮਾਮਲੇ ਨਾਲ ਸਬੰਧਤ ਤੱਥ ਅਤੇ ਸਬੂਤ ਅਦਾਲਤ ਦੇ ਸਾਹਮਣੇ ਰੱਖੇ।ਵਕੀਲ ਮੁਤਾਬਕ ਅਦਾਲਤ ਨੇ ਦੋਵੇਂ ਪੱਖਾਂ ਦੀਆਂ ਦਲੀਲਾਂ ਅਤੇ ਰਿਕਾਰਡ ’ਤੇ ਮੌਜੂਦ ਸਬੂਤਾਂ ਨੂੰ ਵਿਚਾਰਨ ਤੋਂ ਬਾਅਦ ਨਾਨਕੇ ਯਾਦਵ ਨੂੰ ਦੋਸ਼ੀ ਕਰਾਰ ਦਿੱਤਾ ਅਤੇ ਫਾਂਸੀ ਦੀ ਸਜ਼ਾ ਸੁਣਾਈ। ਇਹ ਫੈਸਲਾ ਹੁਸ਼ਿਆਰਪੁਰ ਦੀ ਪੋਕਸੋ ਵਿਸ਼ੇਸ਼ ਫਾਸਟ ਟਰੈਕ ਅਦਾਲਤ ਵੱਲੋਂ ਸੁਣਾਇਆ ਗਿਆ ਹੈ।