ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਆਪਣੀ ਮੰਗਾਂ ਨੂੰ ਲੈ ਕੇ ਕੀਤਾ ਰੋਸ ਪ੍ਰਦਰਸ਼ਨ
ਅੰਮ੍ਰਿਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ (GNDU) ‘ਚ ਵੱਖ-ਵੱਖ ਕੋਰਸਾਂ ‘ਚ ਚੱਲ ਰਹੀ ਦਾਖਲਾ ਪ੍ਰਕਿਰਿਆ ‘ਚ ਰਿਜ਼ਰਵੇਸ਼ਨ ਕੋਟੇ ‘ਚ ਕਟੌਤੀ ਦੇ ਵਿਰੋਧ ‘ਚ ਵਿਦਿਆਰਥੀ ਸੰਗਠਨ ਸੱਥ ਨੇ ਜੀ.ਐੱਨ.ਡੀ.ਯੂ. ਦੇ ਮੁੱਖ ਗੇਟ ‘ਤੇ ਪ੍ਰਦਰਸ਼ਨ ਕੀਤਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਜੀ.ਐਨ.ਡੀ.ਯੂ ਮੈਨੇਜਮੈਂਟ ਨੇ ਵਿਦਿਆਰਥੀਆਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਕੈਂਪਸ ਦਾ ਘਿਰਾਓ ਕਰਕੇ ਵੱਡੇ ਪੱਧਰ ‘ਤੇ ਰੋਸ ਪ੍ਰਦਰਸ਼ਨ ਕਰਨਗੇ।ਵਿਦਿਆਰਥੀ ਜਥੇਬੰਦੀ ਸੱਥ ਦੇ ਆਗੂਆਂ ਨੇ ਕਿਹਾ ਕਿ ਪੇਂਡੂ ਕੋਟੇ ਤਹਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਨੂੰ 7 ਫ਼ੀਸਦੀ, ਸਰਹੱਦੀ ਖੇਤਰਾਂ ਨੂੰ 2 ਫ਼ੀਸਦੀ ਅਤੇ 1984 ਦੇ ਦੰਗਾ ਪੀੜਤ ਪਰਿਵਾਰਾਂ ਦੇ ਬੱਚਿਆਂ ਨੂੰ 4 ਫ਼ੀਸਦੀ ਰਾਖਵਾਂਕਰਨ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਰਾਖਵਾਂਕਰਨ ਕੋਟਾ 2021 ਤੋਂ ਬੰਦ ਕਰ ਦਿੱਤਾ ਗਿਆ ਹੈ। ਵਿਦਿਆਰਥੀਆਂ ਨੇ ਦੱਸਿਆ ਕਿ ਉਹ ਇਸ ਦਾ ਲਗਾਤਾਰ ਵਿਰੋਧ ਕਰਦੇ ਆ ਰਹੇ ਹਨ ਪਰ ਪੰਜਾਬ ਦੀਆਂ ਹੋਰ ਯੂਨੀਵਰਸਿਟੀਆਂ ਨੇ ਇਸ ਰਾਖਵੇਂਕਰਨ ਦੇ ਕੋਟੇ ਨੂੰ ਬਦਲ ਕੇ ਕੁਝ ਹੋਰ ਕੋਟੇ ਵਿੱਚ ਵਿਦਿਆਰਥੀਆਂ ਨੂੰ ਦਾਖ਼ਲਾ ਦਿੱਤਾ ਹੈ, ਜਦੋਂ ਕਿ ਜੀ.ਐਨ.ਡੀ.ਯੂ. ਮੈਨੇਜਮੈਂਟ ਆਪਣੇ ਫ਼ੈਸਲੇ ‘ਤੇ ਕਾਇਮ ਰਹੀ। ਜੀ.ਐਨ.ਡੀ.ਯੂ ਪ੍ਰਬੰਧਕਾਂ ਨੇ ਰਿਜ਼ਰਵੇਸ਼ਨ ਕੋਟੇ ਤਹਿਤ ਵਿਦਿਆਰਥੀਆਂ ਨੂੰ ਦਾਖ਼ਲਾ ਦੇਣ ਤੋਂ ਇਨਕਾਰ ਕਰ ਦਿੱਤਾ।ਇਸ ਸਬੰਧੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਜਿਸਟਰਾਰ ਕੇ.ਐਸ. ਕਾਹਲੋਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰਾਖਵਾਂਕਰਨ ਬੰਦ ਕਰ ਦਿੱਤਾ ਗਿਆ ਹੈ। ਆਨਲਾਈਨ ਦਾਖਲਾ ਪ੍ਰਕਿਰਿਆ ਕੇਂਦਰੀਕ੍ਰਿਤ ਹੋਣ ਕਾਰਨ ਜੀ.ਐਨ.ਡੀ.ਯੂ. ਦੀ ਇਸ ਵਿੱਚ ਕੋਈ ਭੂਮਿਕਾ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਸਰਕਾਰ ਦੀਆਂ ਸ਼ਰਤਾਂ ਅਨੁਸਾਰ ਹੀ ਵਿਦਿਆਰਥੀਆਂ ਨੂੰ ਦਾਖ਼ਲਾ ਦੇ ਰਹੇ ਹਨ। ਇਸ ਤੋਂ ਇਲਾਵਾ ਯੂਨੀਵਰਸਿਟੀ ਵੱਲੋਂ ਖੇਡ ਕੋਟੇ ਤਹਿਤ ਹਰੇਕ ਕੋਰਸ ਵਿੱਚ 2 ਸੀਟਾਂ ਰਾਖਵੀਆਂ ਕੀਤੀਆਂ ਜਾ ਰਹੀਆਂ ਹਨ।