ਅਧਿਆਪਕ ਨੂੰ ਜ਼ਿੰਦਾ ਸਾੜਣ ਦੇ ਮਾਮਲੇ ‘ਚ ਪੁਲਿਸ ਨੇ ਉਸ ਦੇ ਸਾਲੇ ਨੂੰ ਕੀਤਾ ਗ੍ਰਿਫ਼ਤਾਰ

ਫਾਜ਼ਿਲਕਾ : ਪਰਿਵਾਰਕ ਝਗੜੇ ਕਾਰਨ ਫਾਜ਼ਿਲਕਾ ਦੇ ਇਲਾਕੇ ਜੱਟੀਆਂ ਦੇ ਰਹਿਣ ਵਾਲੇ ਅਧਿਆਪਕ ਵਿਸ਼ਵਦੀਪ ਨੂੰ ਬੀਤੇ ਦਿਨੀਂ ਸਬ ਡਿਵੀਜ਼ਨ ਦੇ ਪਿੰਡ ਹੀਰਾਂਵਾਲੀ ਵਿੱਚ ਉਸ ਦੇ ਸਹੁਰੇ ਘਰ ਵਿੱਚ ਕਥਿਤ ਤੌਰ ’ਤੇ ਜ਼ਿੰਦਾ ਸਾੜ ਦਿੱਤਾ ਗਿਆ ਸੀ। ਇਸ ਸੰਬੰਧੀ ‘ਚ ਪੁਲਿਸ ਨੇ ਥਾਣਾ ਖੂਈ ਖੇੜਾ ‘ਚ ਉਸਦੀ ਪਤਨੀ ਸ਼ੁਕੰਤਲਾ, ਸੱਸ ਪਾਲੀ ਦੇਵੀ, ਸਾਲੇ ਸਿਕੰਦਰ ਵਾਸੀ ਪਿੰਡ ਹੀਰਾਂ ਵਾਲੀ ਅਤੇ ਮਾਮਾ ਸਹੁਰਾ ਲਾਲ ਚੰਦ ਅਤੇ ਸੁਖ ਰਾਮ ਵਾਸੀ ਕੱਲਰ ਖੇੜਾ (ਅਬੋਹਰ) ਦੇ ਖ਼ਿਲਾਫ਼ ਕੇਸ ਦਰਜ ਕੀਤਾ ਸੀ।ਇਸ ਮਾਮਲੇ ਵਿੱਚ ਨਾਮਜ਼ਦ ਮੁਲਜ਼ਮ ਫ਼ਰਾਰ ਸਨ ਪਰ ਪੁਲਿਸ ਨੇ ਅਧਿਆਪਕ ਦੇ ਸਾਲੇ ਸਿਕੰਦਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਇਸ ਮਾਮਲੇ ‘ਚ ਬਾਕੀ ਦੋਸ਼ੀਆਂ ਦੀ ਭਾਲ ਕਰ ਰਹੀ ਹੈ।ਜ਼ਿਕਰਯੋਗ ਹੈ ਕਿ ਵਿਸ਼ਵਦੀਪ ਫਾਜ਼ਿਲਕਾ ਦੇ ਇਲਾਕੇ ਜੱਟੀਆਂ ਦਾ ਰਹਿਣ ਵਾਲਾ ਹੈ, ਜਿਸ ਦਾ ਵਿਆਹ ਪਿੰਡ ਹੀਰਾਂਵਾਲੀ ‘ਚ ਹੋਇਆ ਸੀ। ਘਰੇਲੂ ਝਗੜੇ ਕਾਰਨ ਉਸ ਦੀ ਪਤਨੀ ਪਿਛਲੇ ਡੇਢ ਮਹੀਨੇ ਤੋਂ ਆਪਣੇ ਪੇਕੇ ਘਰ ਰਹਿ ਰਹੀ ਹੈ, ਜਿਸ ਨੂੰ ਲੈ ਕੇ ਵਿਸ਼ਵਦੀਪ ਸਿੰਘ ਉਸ ਨੂੰ ਲੈਣ ਗਿਆ ਸੀ। ਇਸ ਦੌਰਾਨ ਸਹੁਰਿਆਂ ਵੱਲੋਂ ਉਸ ‘ਤੇ ਤੇਲ ਪਾ ਕੇ ਅੱਗ ਲਗਾ ਦਿੱਤੀ ਗਈ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।