ਬਾਕਸਿੰਗ ਖਿਡਾਰੀ ਦੀ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਮੌਤ

ਸੰਗਰੂਰ : ਸੰਗਰੂਰ ‘ਚ ਬਾਕਸਿੰਗ ਖਿਡਾਰੀ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋਣ ਦਾ ਸਮਾਚਾਰ ਸਾਹਮਣੇ ਆਇਆ ਹੈ। ਨੌਜਵਾਨ ਦੀ ਪਛਾਣ ਬਾਕਸਿੰਗ ਖਿਡਾਰੀ ਕੁਲਵੀਰ ਸਿੰਘ (22) ਵਜੋਂ ਹੋਈ ਹੈ। ਉਸਨੇ ਬਾਕਸਿੰਗ ਵਿੱਚ ਰਾਸ਼ਟਰੀ ਪੱਧਰ ‘ਤੇ ਤਗਮੇ ਜਿੱਤੇ ਸਨ ਅਤੇ ਉਹ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ।ਇਸ ਸਬੰਧੀ ਮ੍ਰਿਤਕ ਦੀ ਮਾਤਾ ਮਲਕੀਤ ਕੌਰ ਨੇ ਦੱਸਿਆ ਕਿ ਉਸ ਦਾ ਲੜਕਾ ਮਾੜੀ ਸੰਗਤ ਵਿੱਚ ਫਸ ਗਿਆ ਅਤੇ ਨਸ਼ੇ ਕਰਨ ਲੱਗ ਪਿਆ ਸੀ। ਉਹ ਸਾਬਰਾ ਗੈਂਗ ਤੋਂ ਨਸ਼ੇ ਖਰੀਦਦਾ ਸੀ। ਮਾਂ ਨੇ ਦੱਸਿਆ ਕਿ ਉਸ ਨੇ ਇਸ ਸਬੰਧੀ ਕਈ ਵਾਰ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ।ਮਲਕੀਤ ਕੌਰ ਨੇ ਦੱਸਿਆ ਕਿ ਉਸ ਦਾ ਲੜਕਾ ਘਰ ‘ਚ ਬੇਹੋਸ਼ੀ ਦੀ ਹਾਲਤ ‘ਚ ਮਿਲਿਆ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਮੰਗ ਕੀਤੀ ਹੈ ਕਿ ਇਸ ਮਾਮਲੇ ਸਬੰਧੀ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੇ ਜਾਲ ਤੋਂ ਬਚਾਇਆ ਜਾ ਸਕੇ।