SGPC ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ‘ਚ ਲਿਆ ਗਿਆ ਇਹ ਅਹਿਮ ਫ਼ੈਸਲਾ

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (Shiromani Gurdwara Parbandhak Committee) ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ (Gurdwara Sri Bauli Sahib) ਵਿਖੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ (Harjinder Singh Dhami) ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਕਈ ਅਹਿਮ ਫ਼ੈਸਲੇ ਲਏ ਗਏ। ਇਕੱਤਰਤਾ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਧਾਮੀ ਨੇ ਦੱਸਿਆ ਕਿ ਅੰਤ੍ਰਿੰਗ ਕਮੇਟੀ ਵੱਲੋਂ ਆਉਣ ਵਾਲੀਆਂ ਸ਼ਤਾਬਦੀਆਂ ਦੀ ਰੂਪ-ਰੇਖਾ ਉਲੀਕਣ ਦੇ ਨਾਲ-ਨਾਲ ਕਈ ਹੋਰ ਫ਼ੈਸਲੇ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਅੱਗੇ ਤੋਂ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਸਮੇਂ ਨਵੀਂ ਤਕਨੀਕ ਅਨੁਸਾਰ ਕਿਊ.ਆਰ. ਕੋਡ ਲਗਾ ਕੇ ਗਿਣਤੀ ਅਤੇ ਹੋਰ ਜਾਣਕਾਰੀਆਂ ਨੂੰ ਸੂਚੀਬੱਧ ਕੀਤਾ ਜਾਵੇਗਾ। ਇਸ ਦੇ ਨਾਲ ਹੀ ਪਹਿਲਾਂ ਤੋਂ ਗੁਰਦੁਆਰਾ ਸਾਹਿਬਾਨ ਵਿਚ ਸੁਸ਼ੋਭਿਤ ਅਤੇ ਸੰਗਤਾਂ ਪਾਸ ਮੌਜੂਦ ਪਾਵਨ ਸਰੂਪਾਂ ਨੂੰ ਵੀ ਇਸ ਵਿਧੀ ਨਾਲ ਜੋੜਨ ਦੇ ਯਤਨ ਕੀਤੇ ਜਾਣਗੇ। ਉਨ੍ਹਾਂ ਹੋਰ ਫ਼ੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਅਤੇ ਇਸ ਨਾਲ ਸਬੰਧਤ ਅਦਾਰਿਆਂ ਦੇ ਮੁਲਾਜ਼ਮਾਂ ਨੂੰ ਪੂਰੀ ਸਰਵਿਸ ਦੌਰਾਨ 2 ਸਾਲ ਤੱਕ ਦੀ ਹੀ ਵਿਦੇਸ਼ ਛੁੱਟੀ ਦਿੱਤੀ ਜਾਵੇਗੀ।ਐਡਵੋਕੇਟ ਧਾਮੀ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਆਈ.ਏ.ਐੱਸ., ਆਈ.ਪੀ.ਐੱਸ., ਪੀ.ਸੀ.ਐੱਸ. ਆਦਿ ਮੁਕਾਬਲਾ ਪ੍ਰੀਖਿਆਵਾਂ ਲਈ ਸਿੱਖ ਨੌਜਵਾਨਾਂ ਨੂੰ ਤਿਆਰ ਕਰਨ ਲਈ ਚਲਾਈ ਜਾ ਰਹੀ ਨਿਸ਼ਚੈ ਅਕੈਡਮੀ ਲਈ ਇਕ ਵਿਸ਼ਾਲ ਇਮਾਰਤ ਬਣਾਉਣ ਦਾ ਵੀ ਫ਼ੈਸਲਾ ਕੀਤਾ ਗਿਆ ਹੈ। ਇਹ ਇਮਾਰਤ ਗੁਰਦੁਆਰਾ ਬਾਗ ਸ਼ਹੀਦਾਂ ਸੈਕਟਰ 44 ਚੰਡੀਗੜ੍ਹ ਵਿਖੇ ਤਿਆਰ ਕੀਤੀ ਜਾਵੇਗੀ, ਜਿਸ ਲਈ ਮੁੱਢਲੇ ਤੌਰ ’ਤੇ 6.50 ਕਰੋੜ ਰੁਪਏ ਦੀ ਪ੍ਰਵਾਨਗੀ ਦਿੱਤੀ ਗਈ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤ ਦੀ ਰਿਹਾਇਸ਼ ਦੇ ਵਿਸਥਾਰ ਲਈ ਪਹਿਲਾਂ ਚੱਲ ਰਹੀਆਂ ਤਿੰਨ ਸਰਾਵਾਂ ਦੀਆਂ ਦੋ-ਦੋ ਮੰਜ਼ਲਾਂ ਹੋਰ ਤਿਆਰ ਕੀਤੀਆਂ ਜਾਣਗੀਆਂ। ਐਡਵੋਕੇਟ ਧਾਮੀ ਨੇ ਇਸ ਮੌਕੇ 325ਵੇਂ ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ ਸੰਗਤ ਨੂੰ ਅਪੀਲ ਕੀਤੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਮੁਤਾਬਕ ਹਰ ਸਿੱਖ ਆਪਣੇ ਘਰ ’ਤੇ ਖਾਲਸਾਈ ਝੰਡਾ ਜ਼ਰੂਰ ਝੁਲਾਵੇ। ਉਨ੍ਹਾਂ ਕਿਹਾ ਕਿ ਭਾਵੇਂ ਖਾਲਸਾ ਸਾਜਨਾ ਦਿਵਸ ਮਨਾਇਆ ਜਾ ਚੁੱਕਾ ਹੈ, ਪਰ ਕੌਮੀ ਸਮਰਪਣ ਦਾ ਅਹਿਸਾਸ ਕਰਦਿਆਂ ਹਰ ਸਿੱਖ ਪੂਰਾ ਅਪ੍ਰੈਲ ਮਹੀਨਾ ਆਪਣੇ ਘਰ ’ਤੇ ਖਾਲਸਾਈ ਨਿਸ਼ਾਨ ਜ਼ਰੂਰ ਝੁਲਾ ਕੇ ਰੱਖੇ।ਇਕੱਤਰਤਾ ’ਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਹਰਭਜਨ ਸਿੰਘ ਮਸਾਣਾ, ਜੂਨੀਅਰ ਮੀਤ ਪ੍ਰਧਾਨ ਭਾਈ ਗੁਰਬਖ਼ਸ਼ ਸਿੰਘ ਖਾਲਸਾ, ਜਨਰਲ ਸਕੱਤਰ ਭਾਈ ਰਾਜਿੰਦਰ ਸਿੰਘ ਮਹਿਤਾ, ਅੰਤ੍ਰਿੰਗ ਮੈਂਬਰ ਮੋਹਨ ਸਿੰਘ ਬੰਗੀ, ਰਘਬੀਰ ਸਿੰਘ ਸਹਾਰਨਮਾਜਰਾ, ਖੁਸ਼ਵਿੰਦਰ ਸਿੰਘ ਭਾਟੀਆ, ਗੁਰਪ੍ਰੀਤ ਸਿੰਘ ਝੱਬਰ ਆਦਿ ਮੌਜੂਦ ਸਨ।