ਅਕਾਲੀ ਦਲ ਅੰਮ੍ਰਿਤਸਰ ਨੇ ਭਾਈ ਅੰਮ੍ਰਿਤਪਾਲ ਲਈ ਛੱਡੀ ਖਡੂਰ ਸਾਹਿਬ ਦੀ ਸੀਟ

ਚੰਡੀਗੜ੍ਹ : ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (Shiromani Akali Dal Amritsar) ਨੇ ਬੀਤੇ ਦਿਨ ਐਲਾਨ ਕੀਤਾ ਹੈ ਕਿ ਪਾਰਟੀ ਇਸ ਲੋਕ ਸਭਾ ਚੋਣਾਂ (The Lok Sabha Elections) ਵਿੱਚ ਖਡੂਰ ਸਾਹਿਬ ਸੀਟ ਤੋਂ ਕੱਟੜਪੰਥੀ ਪ੍ਰਚਾਰਕ ਅੰਮ੍ਰਿਤਪਾਲ ਦੀ ਹਮਾਇਤ ਕਰੇਗੀ। ਅੰਮ੍ਰਿਤਪਾਲ ਨੇ ਖਡੂਰ ਸਾਹਿਬ ਲੋਕ ਸਭਾ ਹਲਕੇ (Khadur Sahib Lok Sabha Constituency) ਤੋਂ ਆਜ਼ਾਦ ਉਮੀਦਵਾਰ ਵਜੋਂ ਲੋਕ ਸਭਾ ਚੋਣ ਲੜਨ ਦਾ ਫ਼ੈਸਲਾ ਕੀਤਾ ਹੈ।ਪ੍ਰੈੱਸ ਕਾਨਫਰੰਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਅੰਮ੍ਰਿਤਪਾਲ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਉਨ੍ਹਾਂ ਦੀ ਪਾਰਟੀ ਇਸ ਸੀਟ ਤੋਂ ਆਪਣਾ ਉਮੀਦਵਾਰ ਵਾਪਸ ਲੈ ਲਵੇਗੀ। ਅਕਾਲੀ ਦਲ  ਨੇ ਇਸ ਤੋਂ ਪਹਿਲਾਂ ਪੰਜਾਬ ਦੀ ਖਡੂਰ ਸਾਹਿਬ ਸੀਟ ਤੋਂ ਹਰਪਾਲ ਸਿੰਘ ਬਲੇਰ ਨੂੰ ਆਪਣਾ ਉਮੀਦਵਾਰ ਐਲਾਨਿਆ ਸੀ। ਪਰ ਹੁਣ ਉਹ ਅੰਮ੍ਰਿਤਪਾਲ ਸਿੰਘ ਨਾਲ ਕਵਰਿੰਗ ਉਮੀਦਵਾਰ ਵਜੋਂ ਕਾਗ਼ਜ਼ ਭਰਨਗੇ ਤਾਂ ਜੋ ਅੰਮ੍ਰਿਤਪਾਲ ਸਿੰਘ ਦੇ ਕਾਗ਼ਜ਼ਾਂ ਵਿਚ ਕੋਈ ਅੜਿੱਕਾ ਪੈਣ ਦੀ ਸੂਰਤ ਵਿਚ ਉਨ੍ਹਾਂ ਨੂੰ ਚੋਣ ਲੜਾਈ ਜਾ ਸਕੇ। ਇਹ ਐਲਾਨ ਬੀਤੇ ਦਿਨ ਇਥੇ ਪਾਰਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫ਼ਰੰਸ ਵਿਚ ਕੀਤਾ।ਇਕ ਹੋਰ ਅਹਿਮ ਐਲਾਨ ਕਰਦਿਆਂ ਗੁਰਦਾਸਪੁਰ ਲੋਕ ਸਭਾ ਸੀਟ ਉਪਰ ਬੇਗ਼ਮਪੁਰ ਖ਼ਾਲਸਾ ਪਾਰਟੀ ਦੇ ਉਮੀਦਵਾਰ ਗੁਰਿੰਦਰ ਸਿੰਘ ਬਾਜਵਾ ਦਾ ਸਮਰਥਨ ਕੀਤਾ ਗਿਆ ਹੈ। ਕੁੰਵਰ ਜਗਬੀਰ ਸਿੰਘ ਸੰਹੂਗੜਾ ਨੂੰ ਪਾਰਟੀ ਵਲੋਂ ਹੁਸ਼ਿਆਰਪੁਰ ਹਲਕੇ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਉਨ੍ਹਾਂ ਦੇ ਪਿਤਾ ਮਰਹੂਮ ਸਿੰਗਾੜਾ ਰਾਮ ਸੰਹੂਗੜਾ ਗੜ੍ਹਸ਼ੰਕਰ ਹਲਕੇ ਤੋਂ ਬਸਪਾ ਵਲੋਂ ਵਿਧਾਇਕ ਰਹਿ ਚੁੱਕੇ ਹਨ।ਮਾਨ ਨੇ ਪ੍ਰੈੱਸ ਕਾਨਫਰੰਸ ਦੌਰਾਨ ਅੰਮ੍ਰਿਤਪਾਲ ਸਿੰਘ ਵਲੋਂ ਚੋਣ ਲੜਨ ਦੇ ਫ਼ੈਸਲੇ ਉਪਰ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ ਇਕੋ ਜਿਹੀ ਵਿਚਾਰਧਾਰਾ ਵਾਲੇ ਲੋਕਾਂ ਨੂੰ ਇਕ ਦੂਜੇ ਵਿਰੁਧ ਨਹੀਂ ਖੜਾ ਹੋਣਾ ਚਾਹੀਦਾ। ਪ੍ਰੈਸ ਕਾਨਫ਼ਰੰਸ ਵਿਚ ਸੀਨੀਅਰ ਆਗੂ ਜਥੇਦਾਰ ਧਿਆਨ ਸਿੰਘ ਮੰਡ, ਡਾ. ਹਰਜਿੰਦਰ ਸਿੰਘ ਜੱਖੂ, ਕੁਸ਼ਲਪਾਲ ਸਿੰਘ, ਗੁਰਜੰਟ ਸਿੰਘ ਕੱਟੂ, ਗੋਪਾਲ ਸਿੰਘ ਝਾੜੋ ਤੇ ਸਿਮਰਜੀਤ ਸਿੰਘ ਵੀ ਮੌਜੂਦ ਸਨ।