ਮੈਡੀਕਲ ਸਟੋਰ ‘ਤੇ ਡਰੱਗ ਵਿਭਾਗ ਨੇ ਮਾਰਿਆ ਛਾਪਾ
ਅਬੋਹਰ : ਇੱਕ ਪਾਸੇ ਜਿੱਥੇ ਮਾਨ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ, ਉੱਥੇ ਹੀ ਦੂਜੇ ਪਾਸੇ ਸਮਾਜ ਵਿਰੋਧੀ ਅਨਸਰਾਂ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚ ਧੱਕਿਆ ਜਾ ਰਿਹਾ ਹੈ। ਕਈ ਮੈਡੀਕਲ ਸਟੋਰ ਅਜਿਹੇ ਹਨ ਜਿੱਥੇ ਪਾਬੰਦੀਸ਼ੁਦਾ ਦਵਾਈਆਂ ਬਿਨਾਂ ਕਿਸੇ ਝਿਜਕ ਦੇ ਵੇਚੀਆਂ ਜਾਂਦੀਆਂ ਹਨ। ਅਜਿਹਾ ਹੀ ਇੱਕ ਮਾਮਲਾ ਅਬੋਹਰ ਤੋਂ ਸਾਹਮਣੇ ਆਇਆ ਹੈ ਜਿੱਥੇ ਨਸ਼ਾ ਵੇਚਿਆ ਜਾ ਰਿਹਾ ਸੀ।ਪ੍ਰਾਪਤ ਜਾਣਕਾਰੀ ਅਨੁਸਾਰ ਡਰੱਗਜ਼ ਇੰਸਪੈਕਟਰ ਨੇ ਪੁਲਿਸ ਪ੍ਰਸ਼ਾਸਨ ਨਾਲ ਮਿਲ ਕੇ ਅਬੋਹਰ ਦੇ ਇੱਕ ਮੈਡੀਕਲ ਸਟੋਰ ’ਤੇ ਛਾਪਾ ਮਾਰਿਆ ਹੈ। ਇਸ ਅਚਾਨਕ ਛਾਪੇਮਾਰੀ ਕਾਰਨ ਇਲਾਕੇ ਦੇ ਕਈ ਦੁਕਾਨਦਾਰ ਆਪਣੇ ਮੈਡੀਕਲ ਸਟੋਰ ਬੰਦ ਕਰਕੇ ਉੱਥੋਂ ਚਲੇ ਗਏ। ਇਸ ਦੌਰਾਨ ਪੁਲਿਸ ਨੇ ਪਾਬੰਦੀਸ਼ੁਦਾ ਦਵਾਈਆਂ ਬਰਾਮਦ ਕੀਤੀਆਂ ਹਨ। ਪੁਲਿਸ ਨੇ ਕਿਹਾ ਕਿ ਉਹ ਜਲਦੀ ਹੀ ਹੋਰ ਦੁਕਾਨਦਾਰਾਂ ਦੀ ਸੂਚੀ ਬਣਾ ਕੇ ਛਾਪੇਮਾਰੀ ਕਰਨਗੇ।ਜਾਣਕਾਰੀ ਦਿੰਦਿਆਂ ਡਰੱਗ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਲਾਕੇ ਦੇ ਮੈਡੀਕਲ ਸਟੋਰਾਂ ‘ਤੇ ਨਸ਼ੀਲੀਆਂ ਦਵਾਈਆਂ ਵੇਚੀਆਂ ਜਾਂਦੀਆਂ ਹਨ। ਜਿਸ ‘ਤੇ ਉਨ੍ਹਾਂ ਪੁਲਿਸ ਦੀ ਮਦਦ ਨਾਲ ਉਕਤ ਮੈਡੀਕਲ ਸਟੋਰ ‘ਤੇ ਛਾਪਾ ਮਾਰਿਆ ਤਾਂ ਉਥੋਂ 8 ਕਿਸਮ ਦਾ ਨਸ਼ੀਲਾ ਪਦਾਰਥ ਬਰਾਮਦ ਹੋਇਆ। ਪ੍ਰਾਪਤ ਜਾਣਕਾਰੀ ਅਨੁਸਾਰ ਡਰੱਗ ਵਿਭਾਗ ਨੇ ਦੁਕਾਨ ਨੂੰ ਸੀਲ ਕਰ ਦਿੱਤਾ ਹੈ। ਪੁਲਿਸ ਨੇ ਦੁਕਾਨਦਾਰ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।