ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਇਕ ਹੋਰ ਵੱਡਾ ਐਲਾਨ

ਮਲੇਰਕੋਟਲਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਅੱਜ ਮਲੇਰਕੋਟਲਾ (Malerkotla) ਪਹੁੰਚੇ ਜਿੱਥੇ ਉਨ੍ਹਾਂ ਨੇ ਖੇਤਰੀ ਡਰਾਈਵਿੰਗ ਟਰੇਨਿੰਗ ਸੈਂਟਰ (Regional Driving Training Centre) ਦਾ ਉਦਘਾਟਨ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸੜਕ ਹਾਦਸਿਆਂ ਵਿੱਚ ਸਭ ਤੋਂ ਵੱਧ ਮੌਤਾਂ ਹੋ ਰਹੀਆਂ ਹਨ। ਪੰਜਾਬ ਸਰਕਾਰ ਕਿਸੇ ਨੂੰ ਵੀ ਬੇਲੋੜਾ ਮਰਨ ਨਹੀਂ ਦੇਵੇਗੀ। ਬਾਹਰਲੇ ਦੇਸ਼ ਆਵਾਜਾਈ ਵੱਲ ਬਹੁਤ ਧਿਆਨ ਦਿੰਦੇ ਹਨ। ਇਸ ਲਈ ਪੰਜਾਬ ਵਿੱਚ ਹੋਰ ਵੀ ਡਰਾਈਵਿੰਗ ਸਿਖਲਾਈ ਕੇਂਦਰ ਖੋਲ੍ਹੇ ਜਾਣਗੇ।ਇਸ ਦੌਰਾਨ ਸੀ.ਐਮ. ਮਾਨ ਨੇ ਨਿੱਤ ਦਿਨ ਵਾਪਰ ਰਹੇ ਵੱਡੇ ਸੜਕ ਹਾਦਸਿਆਂ ਦੇ ਮੱਦੇਨਜ਼ਰ ਸੜਕ ਸੁਰੱਖਿਆ ਬਲ (ਐਸਐਸਐਫ) ਬਣਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ‘ਤੇ ਐਸ.ਐਸ.ਐਫ ਯਾਨੀ ਰੋਡ ਸੇਫਟੀ ਫੋਰਸ ਸਖ਼ਤ ਕਾਰਵਾਈ ਕਰੇਗੀ। ਇਸ ਦੇ ਨਾਲ ਹੀ ਸੜਕ ਹਾਦਸਿਆਂ ਦੇ ਪੀੜਤਾਂ ਦੀ ਵੀ ਮਦਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਰੋਡ ਸੇਫਟੀ ਫੋਰਸ (ਐਸਐਸਐਫ) ਨੂੰ ਵੱਖ-ਵੱਖ ਰੰਗਾਂ ਦੇ ਵਾਹਨ ਦਿੱਤੇ ਜਾਣਗੇ ਅਤੇ ਉਨ੍ਹਾਂ ਦੀਆਂ ਵਰਦੀਆਂ ਵੀ ਵੱਖ-ਵੱਖ ਰੰਗਾਂ ਦੀਆਂ ਹੋਣਗੀਆਂ।ਉਨ੍ਹਾਂ ਕਿਹਾ ਕਿ ਸਿਰਫ ਰੋਡ ਸੇਫਟੀ ਫੋਰਸ ਹੀ ਚਲਾਨ ਕੱਟੇਗੀ। ਇਹ ਫੋਰਸ ਹਰ ਸੜਕ ‘ਤੇ ਮੌਜੂਦ ਰਹੇਗੀ। ਇਸ ਗੱਲ ਦਾ ਧਿਆਨ ਰੱਖਿਆ ਜਾਵੇਗਾ ਕਿ ਕੋਈ ਵੀ ਖਰਾਬ ਟਰੱਕ ਜਾਂ ਹੋਰ ਵਾਹਨ ਸੜਕ ‘ਤੇ ਨਾ ਖੜ੍ਹਾ ਹੋਵੇ। ਕਿਉਂਕਿ ਜ਼ਿਆਦਾਤਰ ਹਾਦਸੇ ਖੜ੍ਹੇ ਟਰੱਕਾਂ ਕਾਰਨ ਹੀ ਵਾਪਰਦੇ ਹਨ। ਸੀ.ਐਮ ਮਾਨ ਨੇ ਕਿਹਾ ਕਿ ਇਹ ਫੋਰਸ ਟ੍ਰੈਫਿਕ ਨੂੰ ਕੰਟਰੋਲ ਕਰੇਗੀ। ਸੀ.ਐਮ ਮਾਨ ਨੇ ਕਿਹਾ ਕਿ ਖਤਰਨਾਕ ਮੋੜਾਂ ਨੂੰ ਠੀਕ ਕੀਤਾ ਜਾਵੇਗਾ। ਪੰਜਾਬ ਵਿੱਚ ਆਵਾਜਾਈ ਦਾ ਧਿਆਨ ਰੱਖਿਆ ਜਾਵੇਗਾ। ਪੰਜਾਬ ਵਿੱਚ ਸੜਕ ਹਾਦਸਿਆਂ ਨੂੰ ਹੁਣ ਰੋਕਿਆ ਜਾਣਾ ਚਾਹੀਦਾ ਹੈ।