ਤੇਜ਼ ਰਫ਼ਤਾਰ ਕਾਰ ਨੇ 3 ਨੌਜਵਾਨਾਂ ਨੂੰ ਕੁਚਲਣ ਦਾ ਮਾਮਲਾ: ਤੀਜੇ ਨੌਜਵਾਨ ਦੀ ਵੀ ਹੋਈ ਮੌਤ

ਖੰਨਾ : 2 ਦਿਨ ਪਹਿਲਾਂ ਖੰਨਾ (Khanna) ਦੇ ਸਮਰਾਲਾ ਰੋਡ (Samrala Road) ‘ਤੇ ਇੱਕ ਤੇਜ਼ ਰਫ਼ਤਾਰ ਕਾਰ ਨੇ 3 ਨੌਜਵਾਨਾਂ ਨੂੰ ਕੁਚਲ ਦਿੱਤਾ ਸੀ। 2 ਨੌਜਵਾਨਾਂ ਦੀ ਮੌਤ ਹੋ ਗਈ ਸੀ। ਹੁਣ ਤੀਜੇ ਨੌਜਵਾਨ ਬਲਵਿੰਦਰ ਸਿੰਘ ਉਰਫ਼ ਕਾਲੂ (31) ਦੀ ਚੰਡੀਗੜ੍ਹ ਵਿਖੇ ਇਲਾਜ ਦੌਰਾਨ ਮੌਤ ਹੋ ਗਈ। ਇਸ ਮਾਮਲੇ ਵਿੱਚ ਪੁਲੀਸ ਨੇ ਜਿੱਥੇ ਕਾਰ ਚਾਲਕ ਖ਼ਿਲਾਫ਼ ਲਾਪਰਵਾਹੀ ਨਾਲ ਡਰਾਈਵਿੰਗ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ, ਉਥੇ ਹਾਦਸੇ ਮਗਰੋਂ ਮ੍ਰਿਤਕ ਦੇ ਵਾਰਸਾਂ ਨੂੰ ਧਮਕੀਆਂ ਦੇਣ ਵਾਲੇ ਕਾਰ ਚਾਲਕ ਦੇ ਚਾਰ ਸਾਥੀਆਂ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ਚਾਰਾਂ ਖ਼ਿਲਾਫ਼ 107-151 ਤਹਿਤ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ।ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਖੰਨਾ ਵਿੱਚ ਇੱਕ ਤੇਜ਼ ਰਫ਼ਤਾਰ ਕਾਰ ਦੀ ਲਪੇਟ ਵਿੱਚ ਆ ਕੇ ਦੋ ਨੌਜਵਾਨਾਂ ਦੀ ਮੌਤ ਹੋ ਗਈ ਸੀ, ਜਦਕਿ ਤੀਜਾ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ ਸੀ। ਇਹ ਹਾਦਸਾ ਸਮਰਾਲਾ ਰੋਡ ‘ਤੇ ਵਾਪਰਿਆ, ਕਾਰ ‘ਚ ਸਵਾਰ ਲੜਕਿਆਂ ਨੇ ਸ਼ਰਾਬ ਪੀਤੀ ਹੋਈ ਸੀ, ਜਿਸ ਕਾਰਨ ਕਾਰ ਬੇਕਾਬੂ ਹੋ ਗਈ ਅਤੇ ਕਾਰ ਬੇਕਾਬੂ ਹੋ ਕੇ ਦਰੱਖਤ ਨੂੰ ਤੋੜਦੀ ਹੋਈ ਨੌਜਵਾਨਾਂ ਦੇ ਉੱਪਰ ਚੜ੍ਹ ਗਈ। ਮ੍ਰਿਤਕਾਂ ਦੀ ਪਛਾਣ ਤਰਨਵੀਰ ਸਿੰਘ ਅਤੇ ਗੁਰਪ੍ਰੀਤ ਸਿੰਘ ਵਾਸੀ ਅੰਨੀਆਂ ਮੁਹੱਲਾ ਖੰਨਾ ਵਜੋਂ ਹੋਈ ਹੈ। ਚਸ਼ਮਦੀਦ ਪਰਮਜੀਤ ਸਿੰਘ ਨੇ ਦੱਸਿਆ ਕਿ ਤਿੰਨੋਂ ਨੌਜਵਾਨ ਬੈਂਚ ’ਤੇ ਬੈਠੇ ਸਨ ਜਦੋਂ ਇੱਕ ਕਾਰ ਤੇਜ਼ ਰਫ਼ਤਾਰ ਨਾਲ ਆਈ। ਕਾਰ ਚਾਲਕ ਨੇ ਕੋਈ ਬ੍ਰੇਕ ਨਹੀਂ ਲਗਾਈ। ਕਾਰ ਦਰੱਖਤ ਨੂੰ ਤੋੜ ਕੇ ਆਟਾ ਚੱਕੀ ਦੇ ਬਾਹਰ ਪਏ ਭਾਰੀ ਪੱਥਰ ਨਾਲ ਜਾ ਟਕਰਾਈ ਅਤੇ ਫਿਰ ਨੌਜਵਾਨਾਂ ਦੇ ਉੱਪਰ ਚੜ੍ਹ ਗਈ। ਕਾਰ ਦੀ ਟੱਕਰ ਇੰਨੀ ਜ਼ਬਰਦਸਤ ਸੀ ਕਿ 2 ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਤੀਜਾ ਹਸਪਤਾਲ ਵਿੱਚ ਇਲਾਜ ਅਧੀਨ ਸੀ, ਉਸ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ।