ਪੰਜਾਬ ਦੇ ਲੱਖਾਂ ਰਾਸ਼ਨ ਕਾਰਡ ਧਾਰਕਾਂ ਲਈ ਅਹਿਮ ਖ਼ਬਰ ਆਈ ਸਾਹਮਣੇ

ਲੁਧਿਆਣਾ : ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ (Pradhan Mantri Garib Kalyan Anna Yojana)  ਨਾਲ ਜੁੜੇ ਪੰਜਾਬ ਭਰ ਦੇ 38,12,525 ਰਾਸ਼ਨ ਕਾਰਡ ਧਾਰਕ ਪਰਿਵਾਰਾਂ ਦੇ 1,47,38861 ਮੈਂਬਰਾਂ ਨੂੰ ਅਪ੍ਰੈਲ ਤੋਂ 30 ਜੂਨ ਤੱਕ 3 ਮਹੀਨਿਆਂ ਲਈ ਮੁਫਤ ਕਣਕ ਵੰਡਣ ਦਾ ਕੰਮ ਪੂਰਾ ਕਰ ਲਿਆ ਹੈ। ਸਕੀਮ ਅਨੁਸਾਰ ਰਾਸ਼ਨ ਕਾਰਡ ਵਿੱਚ ਰਜਿਸਟਰਡ ਹਰੇਕ ਮੈਂਬਰ ਨੂੰ ਸਰਕਾਰ ਵੱਲੋਂ 5 ਕਿਲੋ ਪ੍ਰਤੀ ਮਹੀਨਾ ਦੇ ਹਿਸਾਬ ਨਾਲ 3 ਮਹੀਨਿਆਂ ਲਈ 15 ਕਿਲੋ ਕਣਕ ਬਿਲਕੁਲ ਮੁਫ਼ਤ ਦਿੱਤੀ ਜਾਵੇਗੀ।ਕੇਂਦਰ ਸਰਕਾਰ ਵੱਲੋਂ ‘ਰਾਸ਼ਟਰੀ ਖੁਰਾਕ ਸੁਰੱਖਿਆ ਐਕਟ 2013’ ਸਕੀਮ ਦਾ ਨਾਂ ਬਦਲ ਕੇ ‘ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ’ ਕਰ ਦਿੱਤਾ ਗਿਆ ਹੈ। ਇੱਥੇ ਇਹ ਦੱਸਣਾ ਵੀ ਜ਼ਰੂਰੀ ਹੋਵੇਗਾ ਕਿ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਸਕੀਮ ਤਹਿਤ ਰਾਸ਼ਨ ਕਾਰਡ ਧਾਰਕਾਂ ਨੂੰ 2 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਕਣਕ ਦਾ ਲਾਭ ਦਿੱਤਾ ਜਾਂਦਾ ਸੀ, ਪਰ ਹੁਣ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਕੇਂਦਰ ਸਰਕਾਰ ਵੱਲੋਂ ਹਰੇਕ ਲਾਭਪਾਤਰੀ ਨੂੰ ਬਿਲਕੁੱਲ ਮੁਫ਼ਤ ਮੁਹੱਈਆ ਕਰਵਾਇਆ ਜਾ ਰਿਹਾ ਹੈ ਪਰ ਡਿਪੂ ਹੋਲਡਰ ਐਸੋਸੀਏਸ਼ਨ ਵੱਲੋਂ ਅਨਾਜ ਵੰਡ ਪ੍ਰਣਾਲੀ ਦਾ ਬਾਈਕਾਟ ਕਰਨ ਦੀ ਦਿੱਤੀ ਚਿਤਾਵਨੀ ਤੋਂ ਬਾਅਦ ਇਹ ਸਕੀਮ ਠੱਪ ਹੋਣ ਦਾ ਖ਼ਤਰਾ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਆਲ ਇੰਡੀਆ ਫੇਅਰ ਪ੍ਰਾਈਸ ਸ਼ਾਪ ਡੀਲਰਜ਼ ਫੈਡਰੇਸ਼ਨ ਦੇ ਪੰਜਾਬ ਪ੍ਰਧਾਨ ਕਰਮਜੀਤ ਸਿੰਘ ਅੜੈਚਾ ਨੇ ਦਾਅਵਾ ਕੀਤਾ ਹੈ ਕਿ ਕੇਂਦਰ ਸਰਕਾਰ ਪੰਜਾਬ ਭਰ ਦੇ ਡਿਪੂ ਹੋਲਡਰਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਡਿਪੂ ਹੋਲਡਰਾਂ ਨੂੰ ਪਿਛਲੇ 19 ਮਹੀਨਿਆਂ ਤੋਂ ਕਮਿਸ਼ਨ ਦੀ ਰਾਸ਼ੀ ਜਾਰੀ ਨਹੀਂ ਕੀਤੀ ਗਈ, ਜਿਸ ਦੇ ਰੋਸ ਵਜੋਂ ਡਿਪੂ ਹੋਲਡਰਾਂ ਵੱਲੋਂ ਕਣਕ ਵੰਡਣ ਦਾ ਕੰਮ ਪੂਰੀ ਤਰ੍ਹਾਂ ਠੱਪ ਹੋ ਜਾਵੇਗਾ। ਪ੍ਰਧਾਨ ਅੜੈਚਾ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨਾ ਯੋਜਨਾ ਤਹਿਤ ਕੇਂਦਰ ਸਰਕਾਰ ਵੱਲੋਂ ਯੋਗ ਪਰਿਵਾਰਾਂ ਨੂੰ 3.91 ਲੱਖ ਕਰੋੜ ਰੁਪਏ ਦਾ ਮੁਫਤ ਅਨਾਜ ਵੰਡਿਆ ਗਿਆ ਹੈ।