ਜੰਗਲੀ ਜਾਨਵਰ ਬਣਿਆ ਹਾਦਸੇ ਦਾ ਕਾਰਨ, ਪਤੀ ਪਤਨੀ ਗੰਭੀਰ ਜ਼ਖਮੀ

ਟਾਂਡਾ ਉੜਮੁੜ : ਜਹੂਰਾ-ਟਾਂਡਾ (Jahura-Tanda) ਲਿੰਕ ਸੜਕ ’ਤੇ ਪੈਂਦੇ ਪਿੰਡ ਗਿੱਦੜ ਪੀੜੀ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਤੇ ਉਸ ਦੀ ਪਤਨੀ ਗੰਭੀਰ ਜ਼ਖ਼ਮੀ ਹੋ ਗਏ। ਹਾਦਸਾ ਇੰਨਾ ਭਿਆਨਕ ਸੀ ਕਿ ਸੂਰ ਦੇ ਮੋਟਰਸਾਈਕਲ ਨਾਲ ਟਕਰਾਉਣ ਤੋਂ ਬਾਅਦ ਮੋਟਰਸਾਈਕਲ ਨੂੰ ਅੱਗ ਲੱਗ ਗਈ ਅਤੇ ਮੋਟਰਸਾਈਕਲ ਸੜ ਕੇ ਸੁਆਹ ਹੋ ਗਿਆ।ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਬੀਤੀ ਕਰੀਬ 6 ਵਜੇ ਉਸ ਸਮੇਂ ਵਾਪਰਿਆ ਜਦੋਂ ਮੋਟਰਸਾਈਕਲ ਸਵਾਰ ਭਿੰਦਾ ਸਿੰਘ ਅਤੇ ਉਸ ਦੀ ਪਤਨੀ ਪਰਮਜੀਤ ਕੌਰ ਵਾਸੀ ਪਿੰਡ ਜਹੂਰਾ ਆਪਣੇ ਪਿੰਡ ਜੌੜਾ ਤੋਂ ਟਾਂਡਾ ਵੱਲ ਜਾ ਰਹੇ ਸਨ ਕਿ ਪਿੰਡ ਗਿੱਦੜ ਨੇੜੇ ਉਨ੍ਹਾਂ ਦੇ ਮੋਟਰਸਾਈਕਲ ਅੱਗੇ ਅਚਾਨਕ ਇੱਕ ਸੂਰ ਆ ਗਿਆ। ਭਿਆਨਕ ਹਾਦਸਾ ਵਾਪਰਿਆ। ਹਾਦਸੇ ਦੌਰਾਨ ਪਰਮਜੀਤ ਕੌਰ ਗੰਭੀਰ ਜ਼ਖ਼ਮੀ ਹੋ ਗਈ। ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਨੇ ਜ਼ਖਮੀਆਂ ਨੂੰ ਬਾਬਾ ਬਲਵੰਤ ਸਿੰਘ ਚੈਰੀਟੇਬਲ ਹਸਪਤਾਲ ਟਾਂਡਾ ਵਿਖੇ ਪਹੁੰਚਾਇਆ, ਜਿੱਥੇ ਪਰਮਜੀਤ ਕੌਰ ਦੀ ਹਾਲਤ ਨਾਜ਼ੁਕ ਹੋਣ ‘ਤੇ ਉਸ ਨੂੰ ਜਲੰਧਰ ਦੇ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ ਗਿਆ।