ਸ਼੍ਰੀ ਆਨੰਦਪੁਰ ਸਾਹਿਬ ਆਈ ਔਰਤ ਨਾਲ 4 ਨੌਜਵਾਨਾਂ ਵੱਲੋਂ ਕੀਤਾ ਗਿਆ ਸਮੂਹਿਕ ਜਬਰ ਜਨਾਹ

ਰੂਪਨਗਰ : ਜਲਾਲਾਬਾਦ (Jalalabad) ਤੋਂ ਸ਼੍ਰੀ ਆਨੰਦਪੁਰ ਸਾਹਿਬ (Sri Anandpur Sahib) ਆਈ ਔਰਤ ਨਾਲ 4 ਨੌਜਵਾਨਾਂ ਵੱਲੋਂ ਸਮੂਹਿਕ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਉਕਤ ਔਰਤ ਆਪਣੀ ਭਤੀਜੀ ਨਾਲ ਜਲਾਲਾਬਾਦ ਤੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਗੁਰੂਧਾਮਾਂ ਦੇ ਦਰਸ਼ਨਾਂ ਲਈ ਆਈ ਹੋਈ ਸੀ।ਪੁਲਿਸ ਨੇ ਪੀੜਤ ਔਰਤ ਦੇ ਬਿਆਨਾਂ ਦੇ ਆਧਾਰ ‘ਤੇ 4 ਕਥਿਤ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਚੌਕੀ ਇੰਚਾਰਜ ਸਬ-ਇੰਸਪੈਕਟਰ ਗੁਰਮੁੱਖ ਸਿੰਘ ਨੇ ਦੱਸਿਆ ਕਿ ਜੰਮੂ ਬਸਤੀ ਜਲਾਲਾਬਾਦ ਜ਼ਿਲ੍ਹਾ ਫਾਜ਼ਿਲਕਾ ਦੀ ਰਹਿਣ ਵਾਲੀ ਔਰਤ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਉਹ ਆਪਣੀ ਭਤੀਜੀ ਨਾਲ ਗੁਰੂਧਾਮਾਂ ਦੇ ਦਰਸ਼ਨਾਂ ਲਈ ਸ੍ਰੀ ਆਨੰਦਪੁਰ ਸਾਹਿਬ ਆਈ ਹੋਈ ਸੀ।ਗੁਰੂਧਾਮਾਂ ਦਾ ਦੌਰਾ ਕਰਨ ਤੋਂ ਬਾਅਦ ਉਹ ਰਹਿਣ ਲਈ ਕਮਰੇ ਦੀ ਤਲਾਸ਼ ਕਰ ਰਹੇ ਸਨ ਤਾਂ ਮੇਰੀ ਭਤੀਜੀ ਜੋ ਪਹਿਲਾਂ ਸ੍ਰੀ ਅਨੰਦਪੁਰ ਸਾਹਿਬ ਗਈ ਹੋਈ ਸੀ, ਨੇ ਕਮਰਾ ਲੈਣ ਲਈ ਮੋਬਾਈਲ ਨੰਬਰ ‘ਤੇ ਕਾਲ ਕੀਤੀ, ਜਿਸ ਦੇ ਬਾਅਦ ਦਰਸ਼ਨ ਸਿੰਘ ਉਰਫ਼ ਬਿੱਟਾ ਨਾਮ ਦਾ ਵਿਅਕਤੀ ਆਪਣੇ ਮੋਟਰਸਾਈਕਲ ‘ਤੇ ਆਇਆ ਅਤੇ ਮੈਨੂੰ ਕਮਰਾ ਦਿਖਾਉਣ ਲਈ ਆਪਣੀ ਮੋਟਰਸਾਈਕਲ ‘ਤੇ ਲੈ ਗਿਆ। ਜਿਸ ਨੇ ਆਪਣੀ ਬਾਈਕ ਪੰਜਾਬ ਨੈਸ਼ਨਲ ਬੈਂਕ ਨੇੜੇ ਕਰਿਆਨਾ ਦੀ ਦੁਕਾਨ ‘ਤੇ ਖੜ੍ਹੀ ਕਰ ਦਿੱਤੀ, ਸਵਿਫਟ ਕਾਰ ਜਿਸ ਨੂੰ ਸੋਨੂੰ ਨਾਂ ਦਾ ਵਿਅਕਤੀ ਚਲਾ ਰਿਹਾ ਸੀ, ਰਾਜਨ ਉਰਫ਼ ਭੋਗਲ ਦੇ ਕਮਰੇ ‘ਚ ਲੈ ਗਿਆ।ਉਕਤ 3 ਵਿਅਕਤੀਆਂ ਤੋਂ ਇਲਾਵਾ ਇਕ ਹੋਰ ਅਣਪਛਾਤਾ ਵਿਅਕਤੀ ਵੀ ਕਮਰੇ ‘ਚ ਮੌਜੂਦ ਸੀ, ਜਿਸ ਨੇ ਮੇਰੀ ਮਰਜ਼ੀ ਤੋਂ ਬਿਨ੍ਹਾਂ ਮੇਰੇ ਨਾਲ ਬਲਾਤਕਾਰ ਕੀਤਾ। ਚੌਕੀ ਇੰਚਾਰਜ ਗੁਰਮੁੱਖ ਸਿੰਘ ਨੇ ਦੱਸਿਆ ਕਿ ਉਕਤ ਪੀੜਤ ਦੇ ਬਿਆਨਾਂ ‘ਤੇ ਦਰਸ਼ਨ ਸਿੰਘ ਬਿੱਟਾ, ਸੋਨੂੰ, ਰਾਜਨ ਉਰਫ਼ ਭੋਗਲ, 3 ਵਾਸੀ ਪਿੰਡ ਲੋਦੀਪੁਰ ਸ੍ਰੀ ਆਨੰਦਪੁਰ ਸਾਹਿਬ ਅਤੇ ਇੱਕ ਅਣਪਛਾਤੇ ਮੁਲਜ਼ਮ ਖ਼ਿਲਾਫ਼ ਧਾਰਾ 366, 376ਡੀ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਭਾਲ ਕਰ ਰਹੀ ਹੈ।