ਸਿੱਖਿਆ ਮੰਤਰੀ ਬੈਂਸ ਤੇ IPS ਜੋਤੀ ਯਾਦਵ ਦਾ ਇਸ ਦਿਨ ਹੋਵੇਗਾ ਵਿਆਹ

ਚੰਡੀਗੜ੍ਹ: ਆਮ ਆਦਮੀ ਪਾਰਟੀ (Aam Aadmi Party) (ਆਪ) ਦੇ ਵਿਧਾਇਕ ਹਰਜੋਤ ਸਿੰਘ ਬੈਂਸ (Harjot Singh Bains) ਅਤੇ ਸੀਨੀਅਰ ਆਈ.ਪੀ.ਐਸ. ਅਧਿਕਾਰੀ ਜੋਤੀ ਯਾਦਵ ਦਾ ਵਿਆਹ 25 ਮਾਰਚ ਨੂੰ ਹੋਣ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਬੈਂਸ ਅਤੇ ਜੋਤੀ ਦੇ ਆਨੰਦ ਕਾਰਜ ਨੰਗਲ ਦੇ ਗੁਰਦੁਆਰਾ ਸਾਹਿਬ ਵਿਖੇ ਹੋਣਗੇ। ਸੂਤਰਾਂ ਮੁਤਾਬਕ ਪੰਜਾਬ ਦੇ ਸੀਐੱਮ ਦੇ ਨਾਲ ਦਿੱਲੀ ਦੇ ਸੀ.ਐਮ ਅਰਵਿੰਦ ਕੇਜਰੀਵਾਲ ਦੇ ਨਾਲ-ਨਾਲ ਹੋਰ ਵੀ ਕਈ ਆਗੂ ਸ਼ਿਰਕਤ ਕਰਨਗੇ।ਦੱਸ ਦੇਈਏ ਕਿ ਪੰਜਾਬ ਕੈਡਰ ਦੇ ਆਈ.ਪੀ.ਐਸ ਅਧਿਕਾਰੀ ਜੋਤੀ ਯਾਦਵ (IPS officer Jyoti Yadav) ਇਸ ਸਮੇਂ ਮਾਨਸਾ ਜ਼ਿਲ੍ਹੇ ਵਿੱਚ ਤਾਇਨਾਤ ਹਨ। ਹਰਿਆਣਾ ਦੇ ਗੁਰੂਗ੍ਰਾਮ ਦੀ ਰਹਿਣ ਵਾਲੀ ਜੋਤੀ ਪਿਛਲੇ ਸਾਲ ‘ਆਪ’ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਨਾਲ ਜਨਤਕ ਝਗੜੇ ਤੋਂ ਬਾਅਦ ਸੁਰਖੀਆਂ ‘ਚ ਆਈ ਸੀ। ਰਜਿੰਦਰਪਾਲ ਕੌਰ ਛੀਨਾ ਨੇ ਆਈ.ਪੀ.ਐਸ ਅਧਿਕਾਰੀ ’ਤੇ ਉਨ੍ਹਾਂ ਨੂੰ ਬਿਨਾਂ ਦੱਸੇ ਉਨ੍ਹਾਂ ਦੇ ਹਲਕੇ ਵਿੱਚ ਤਲਾਸ਼ੀ ਮੁਹਿੰਮ ਚਲਾਉਣ ਦਾ ਦੋਸ਼ ਲਾਇਆ ਸੀ। ਜੋਤੀ ਉਸ ਸਮੇਂ ਲੁਧਿਆਣਾ ਵਿੱਚ ਸਹਾਇਕ ਪੁਲਿਸ ਕਮਿਸ਼ਨਰ ਸੀ। ਉਨ੍ਹਾਂ ਲੁਧਿਆਣਾ ਦੱਖਣੀ ਦੀ ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਨੂੰ ਦੱਸਿਆ ਕਿ ਉਨ੍ਹਾਂ ਨੂੰ ਪੁਲਿਸ ਕਮਿਸ਼ਨਰ ਵੱਲੋਂ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਤਲਾਸ਼ੀ ਮੁਹਿੰਮ ਚਲਾਉਣ ਦੀਆਂ ਹਦਾਇਤਾਂ ਮਿਲੀਆਂ ਸਨ।ਦੂਜੇ ਪਾਸੇ ਰੂਪਨਗਰ ਜ਼ਿਲ੍ਹੇ ਦੇ ਆਨੰਦਪੁਰ ਸਾਹਿਬ ਹਲਕੇ ਤੋਂ ਪਹਿਲੀ ਵਾਰ ਵਿਧਾਇਕ ਬਣੇ ਬੈਂਸ ਇਸ ਸਮੇਂ ਪੰਜਾਬ ਸਰਕਾਰ ਵਿੱਚ ਸਿੱਖਿਆ ਮੰਤਰੀ ਹਨ। ਪੇਸ਼ੇ ਤੋਂ ਵਕੀਲ 32 ਸਾਲਾ ਬੈਂਸ ਆਨੰਦਪੁਰ ਸਾਹਿਬ ਦੇ ਪਿੰਡ ਗੰਭੀਰਪੁਰ ਦੇ ਵਸਨੀਕ ਹੈ। ਉਨ੍ਹਾਂ 2017 ਵਿੱਚ ਸਾਹਨੇਵਾਲ ਹਲਕੇ ਤੋਂ ਚੋਣ ਲੜੀ ਸੀ ਜਿਸ ਵਿੱਚ ਉਹ ਹਾਰ ਗਏ ਸਨ। ਬੈਂਸ ਇਸ ਤੋਂ ਪਹਿਲਾਂ ਪੰਜਾਬ ‘ਚ ‘ਆਪ’ ਦੇ ਯੂਥ ਵਿੰਗ ਦੀ ਅਗਵਾਈ ਕਰ ਚੁੱਕੇ ਹਨ। ਦੂਜੇ ਪਾਸੇ ਪਿਛਲੇ ਸਾਲ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਪ੍ਰੀਤ ਕੌਰ ਨਾਲ ਵਿਆਹ ਕਰਵਾ ਲਿਆ ਸੀ। ਫਿਰ ਸੰਗਰੂਰ ਤੋਂ ‘ਆਪ’ ਵਿਧਾਇਕਾ ਨਰਿੰਦਰ ਕੌਰ ਭਾਰਜ ਨੇ ਪਾਰਟੀ ਵਰਕਰ ਮਨਦੀਪ ਸਿੰਘ ਨਾਲ ਅਤੇ ਫਾਜ਼ਿਲਕਾ ਤੋਂ ‘ਆਪ’ ਵਿਧਾਇਕ ਨਰਿੰਦਰਪਾਲ ਸਿੰਘ ਸਵਾਨਾ ਨੇ ਖੁਸ਼ਬੂ ਨਾਲ ਵਿਆਹ ਕਰਵਾਇਆ।