ਰਾਜਪਾਲ ਨੂੰ ਮਿਲਣ ਪਹੁੰਚੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ

ਚੰਡੀਗੜ੍ਹ (ਸੋਨੂੰ ਜਾਂਸਲਾ/ਹਰਦੀਪ ਕੌਰ ਵਿਰਕ): ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਵਿਧਾਇਕ ਮਾਸਟਰ ਬਲਦੇਵ ਸਿੰਘ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਅਤੇ ਵਿਧਾਇਕ ਮੀਤ ਹੇਅਰ, ਕੁਲਵੰਤ ਸਿੰਘ ਪੰਡੋਰੀ ਅਤੇ ਮਨਜੀਤ ਬਿਲਾਸਪੁਰ ਪੰਜਾਬ ਦੇ ਰਾਜਪਾਲ ਸ਼੍ਰੀ ਵੀ.ਪੀ ਸਿੰਘ ਬਦਨੌਰ ਨੂੰ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀਆਂ ਦੁਆਰਾ ਭ੍ਰਿਸ਼ਟਾਚਾਰ ਕਰ ਕੇ ਸੂਬੇ ਦੇ ਖ਼ਜ਼ਾਨੇ ਨੂੰ ਲੁੱਟਣ ਸੰਬੰਧੀ ਕਾਰਵਾਈ ਕੀਤੇ ਜਾਣ ਸੰਬੰਧੀ ਮੰਗ ਪੱਤਰ ਦੇਣ ਲਈ ਪਹੁੰਚੇ। ਜਿਹਨਾ ਪੰਜਾਬ ਦੇ ਰਾਜਪਾਲ ਨੂੰ ਇਕ ਪੱਤਰ ਲਿਖ ਕੇ ਕੈਬਨਿਟ ਮੰਤਰੀ ਰਾਣਾ ਸੋਢੀ, ਸੁੰਦਰ ਸ਼ਾਮ ਅਰੋੜਾ, ਸਾਧੂ ਸਿੰਘ ਧਰਮਸੋਤ, ਬਲਬੀਰ ਸਿੱਧੂ ਅਤੇ ਭਾਰਤ ਭੂਸ਼ਣ ਆਸ਼ੂ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਕਾਰਵਾਈ ਦੀ ਮੰਗ ਕੀਤੀ ਹੈ।ਜਿਹਨਾ ਆਪਣੇ ਬੇਨਤੀ ਪੱਤਰ ਵਿਚ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਵਿੱਚ ਸਰਕਾਰ ਦੇ ਕੈਬਨਿਟ ਮੰਤਰੀਆਂ ਦੇ ਵੱਖ ਵੱਖ ਘੁਟਾਲਿਆਂ ਦੀਆਂ ਖ਼ਬਰਾਂ ਮੀਡੀਆ ਰਾਹੀਂ ਲੋਕਾਂ ਵਿਚ ਪਹੁੰਚ ਰਹੀਆਂ ਹਨ ਜਿਸ ਵਿੱਚ ਇਨ੍ਹਾਂ ਕੈਬਨਿਟ ਮੰਤਰੀਆਂ ਦੁਆਰਾ ਆਪਣੀ ਤਾਕਤ ਦੀ ਵਰਤੋਂ ਕਰਦਿਆਂ ਸੈਂਕੜੇ ਕਰੋੜਾਂ ਦੇ ਘੁਟਾਲੇ ਕੀਤੇ ਗਏ ਹਨ। ਇਸ ਨਾਲ ਪੰਜਾਬ ਦੇ ਖਜ਼ਾਨੇ ਨੂੰ ਭਾਰੀ ਖੋਰਾ ਲੱਗਿਆ ਹੈ।ਆਮ ਆਦਮੀ ਪਾਰਟੀ ਅਤੇ ਸਮਾਜ ਦੇ ਹੋਰ ਸੁਚੇਤ ਵਿਅਕਤੀਆਂ ਅਤੇ ਅਦਾਰਿਆਂ ਵੱਲੋਂ ਇਨ੍ਹਾਂ ਘੁਟਾਲਿਆਂ ਸਬੰਧੀ ਆਵਾਜ਼ ਚੁੱਕਣ ਦੇ ਬਾਵਜੂਦ ਸਰਕਾਰ ਵੱਲੋਂ ਅਜੇ ਤੱਕ ਇਨ੍ਹਾਂ ਖ਼ਿਲਾਫ਼ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹੈ। ਸੂਬੇ ਦੀ ਮੁੱਖ ਵਿਰੋਧੀ ਧਿਰ ਹੋਣ ਦੇ ਨਾਤੇ ਅਸੀਂ ਅੱਜ ਆਪ ਜੀ ਪਾਸੋਂ ਇਨ੍ਹਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦੇ ਹਾਂ। ਉਹਨਾ ਰਾਜਪਾਲ ਨੂੰ ਕਿਹਾ ਕਿ ਆਪ ਜੀ ਇਨ੍ਹਾਂ ਸਾਰੀਆਂ ਘਟਨਾਵਾਂ ਲਈ ਜ਼ਿੰਮੇਵਾਰ ਮੰਤਰੀਆਂ ਓੁੱਤੇ ਕਾਰਵਾਈ ਲਈ ਸੂਬੇ ਦੇ ਗ੍ਰਹਿ ਅਤੇ ਪੁਲਸ ਵਿਭਾਗ ਨੂੰ ਆਦੇਸ਼ ਜਾਰੀ ਕਰੋ ਅਤੇ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਵਿਅਕਤੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰੋ। ਅਜਿਹਾ ਇਸ ਲਈ ਜ਼ਰੂਰੀ ਹੈ ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਸੂਬੇ ਦੇ ਖ਼ਜ਼ਾਨੇ ਨੂੰ ਰੁਕਣ ਦੀ ਕੋਈ ਵੀ ਹਿੰਮਤ ਨਾ ਕਰੇ।