ਪੰਜਾਬ ‘ਚ ਇਕ ਹੋਰ ਸਿਆਸੀ ਪਾਰਟੀ ਦਾ ਹੋਇਆ ਆਗਾਜ਼

ਲੁਧਿਆਣਾ : ਕਾਫੀ ਸਮੇਂ ਤੋਂ ਕਿਸਾਨ ਖੇਤੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨ ਅੰਦੋਲਨ ਦੇ ਆਗੂ ਗੁਰਨਾਮ ਸਿੰਘ ਚੜੂਨੀ ਨੇ ਇਕ ਵੱਡਾ ਐਲਾਨ ਕੀਤਾ ਹੈ। ਦੱਸਿਆ ਜਾ ਰਿਹਾ ਹੈ ਦੇਸ਼ ਭਰ ਦੇ ਵਪਾਰੀਆਂ ਵੱਲੋਂ ਇਕਜੁੱਟ ਹੋ ਕੇ BAP ਭਾਰਤੀ ਆਰਥਕ ਪਾਰਟੀ  ਦਾ ਐਲਾਨ ਕੀਤਾ ਗਿਆ ਹੈ। ਲੁਧਿਆਣਾ ਵਿੱਚ ਇਸ ਦਾ ਐਲਾਨ ਕੀਤਾ ਗਿਆ। ਪਾਰਟੀ ਦੇ ਕੌਮੀ ਪ੍ਰਧਾਨ ਤਰੁਨ ਬਾਵਾ ਦੀ ਅਗਵਾਈ ਹੇਠ ਵੱਡੀ ਤਾਦਾਦ ਵਿਚ ਵਪਾਰੀ ਇਕੱਠੇ ਹੋਏ ਅਤੇ ਮਿਸ਼ਨ ਪੰਜਾਬ 2022 ਲਹਿਰ ਦੇ ਤਹਿਤ ਪਾਰਟੀ ਵੱਲੋਂ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ ਗਿਆ।ਜਲੰਧਰ ਬਾਈਪਸ ਨੇੜੇ ਰਿਜੌਰਟ ਵਿਚ ਹੋਏ ਭਰਵੇਂ ਸਮਾਗਮ ਦੌਰਾਨ ਦੇਸ਼ ਭਰ ਦੇ ਵਪਾਰਕ ਆਗੂਆਂ ਨੇ ਹਿੱਸਾ ਲਿਆ। ਸਮਾਗਮ ਦੌਰਾਨ ਦੇਸ਼ ਦੇ 29 ਸੂਬਿਆਂ ਤੋਂ 62 ਵਪਾਰਕ ਆਗੂਆਂ ਨੇ ਆਪਣੇ ਪ੍ਰਤੀਨਿਧੀਆਂ ਨਾਲ ਹਿੱਸਾ ਲਿਆ।ਇਸ ਮੌਕੇ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਗਿਆ ਕਿ ਪਾਰਟੀ 117 ਸੀਟਾਂ ਉਤੇ ਆਪਣੇ ਉਮੀਦਵਾਰ ਖੜ੍ਹੇ ਕਰੇਗੀ ਅਤੇ ਪੰਜਾਬ ਵਿਧਾਨ ਸਭਾ ਦਾ ਮੋਰਚਾ ਫਤਹਿ ਕਰਨ ਤੋਂ ਬਾਅਦ ਫਿਰ 2024 ਉਤੇ ਉਨ੍ਹਾਂ ਦੀ ਨਜ਼ਰ ਹੋਵੇਗੀ। ਵਪਾਰੀਆਂ ਨੇ ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੂੰ ਆਪਣਾ ਸਮਰਥਨ ਦਿੱਤਾ ਅਤੇ ਕਿਹਾ ਕਿ ਉਹ ਉਨ੍ਹਾਂ ਦੀ ਅਗਵਾਈ ਵਿਚ ਪੰਜਾਬ ਅੰਦਰ ਇਹ ਮਿਸ਼ਨ ਫਤਿਹ ਕਰਨਗੇ।ਚੜੂਨੀ ਨੇ ਸਾਫ ਕਿਹਾ ਕਿ ਸਿਰਫ ਅੰਦੋਲਨ ਕਰਨ ਨਾਲ ਕੁਝ ਨਹੀਂ ਹੋਵੇਗਾ, ਜੇਕਰ ਅੰਦੋਲਨ ਸਫਲ ਵੀ ਹੋ ਜਾਂਦਾ ਹੈ ਤਾਂ ਵੀ ਕਿਸਾਨਾਂ ਦਾ ਇਹੀ ਹਾਲ ਰਹੇਗਾ ਕਿਉਂਕਿ ਕਾਲੇ ਕਾਨੂੰਨ ਲਾਗੂ ਹੋਣ ਤੋਂ ਪਹਿਲਾਂ ਵੀ ਕਿਸਾਨ ਖੁਦਕੁਸ਼ੀਆਂ ਕਰਦੇ ਸਨ।ਇਸ ਲਈ ਇਮਾਨਦਾਰ ਲੋਕਾਂ ਨੂੰ ਸਿਆਸਤ ਵਿੱਚ ਆਉਣਾ ਹੀ ਪਵੇਗਾ। ਗੁਰਨਾਮ ਸਿੰਘ ਚੜੂਨੀ ਨੇ ਸਾਫ ਕਿਹਾ ਕਿ ਪੰਜਾਬ ਦੇ ਲੋਕ ਸਮਝਦਾਰ ਹਨ ਅਤੇ ਇਸ ਕਰਕੇ ਮਿਸ਼ਨ ਪੰਜਾਬ ਦੀ ਸ਼ੁਰੁਆਤ ਕੀਤੀ ਗਈ ਹੈ ਇੱਥੋਂ ਹੀ ਵਿਧਾਨ ਸਭਾ ਚੋਣਾਂ ਵਿਚ ਹਿੱਸਾ ਲੈਣ ਤੋਂ ਬਾਅਦ ਉਹ ਆਪਣਾ ਅਗਲਾ ਸਫ਼ਰ ਤੈਅ ਕਰਨਗੇ ਹਾਲਾਂਕਿ ਚੜੂਨੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਨਵੀਂ ਪਾਰਟੀ ਤਾਂ ਨਹੀਂ ਬਣਾਈ ਗਈ ਪਰ ਇਸ ਦਾ ਫ਼ੈਸਲਾ ਆਉਣ ਵਾਲੇ ਕੁਝ ਦਿਨਾਂ ਵਿਚ ਕੀਤਾ ਜਾਵੇਗਾ।