IAS ਅਧਿਕਾਰੀ ਦੀ ਕਾਰ ਰੋਕਣੀ ਹੋਮ ਗਾਰਡ ਜਵਾਨ ਨੂੰ ਪਈ ਮਹਿੰਗੀ, ਜਾਣੋ ਪੂਰਾ ਮਾਮਲਾ

ਪੰਚਕੂਲਾ : ਰੈੱਡ ਲਾਈਟ ਜੰਪ ਕਰਨ ਤੇ ਹੋਮ ਗਾਰਡ ਦੇ ਨੌਜਵਾਨ ਵੱਲੋਂ ਆਈ ਏ ਐਸ ਅਧਿਕਾਰੀ ਦੀ ਕਾਰ ਰੋਕਣੀ ਕਾਫੀ ਮਹਿੰਗੀ ਪੈ ਰਹੀ ਹੈ। ਕਾਰ ਰੋਕੇ ਜਾਣ ਉਪਰੰਤ ਕੁਝ ਹੀ ਮਿੰਟਾਂ ਦੇ ਵਿੱਚ ਹੋਮਗਾਰਡ ਜਵਾਨ ਦਾ ਤਬਾਦਲਾ ਪੁਲਿਸ ਲਾਈਨ ਕਰਵਾ ਦਿੱਤਾ ਗਿਆ ਅਤੇ ਉਸ ਦੀ ਝੂਠੀ ਸ਼ਿਕਾਇਤ ਪੁਲਿਸ ਉੱਚ ਅਧਿਕਾਰੀਆਂ ਨੂੰ ਕਰ ਦਿੱਤੀ ਗਈ। ਜਿਸ ਕਾਰਨ ਦੁਖੀ ਹੋਏ ਹੋਮਗਾਰਡ ਜਵਾਨ ਨੇ ਅੱਜ ਜ਼ਹਿਰੀਲੀ ਚੀਜ਼ ਖਾ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਜਿਸ ਨੂੰ ਸੈਕਟਰ 06 ਪੰਚਕੂਲਾ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।ਪੱਤਰਕਾਰਾਂ ਨਾਲ ਗੱਲ ਬਾਤ ਕਰਦੇ ਹੋਏ ਹੋਮਗਾਰਡ ਜਵਾਨ ਪਿਊਸ਼ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਉਸ ਵੱਲੋਂ ਇੱਕ ਕਾਰ ਰੈੱਡ ਲਾਈਟ ਜੰਪ ਕਰਦੇ ਹੋਏ ਰੋਕੀ ਗਈ ਸੀ ਜਿਸ ਵਿਚ ਦੋ ਵਿਅਕਤੀਆਂ ਤੋਂ ਇਲਾਵਾ ਪਿਛਲੀ ਸੀਟ ਉੱਪਰ ਇੱਕ ਮਹਿਲਾ ਬੈਠੀ ਹੋਈ ਸੀ ਜੋ ਆਪਣੇ ਆਪ ਨੂੰ ਇੱਕ ਆਈ ਏ ਐਸ ਅਧਿਕਾਰੀ ਦੱਸਦੀ ਹੋਈ ਉਸ ਨੂੰ ਦੇਖ ਲੈਣ ਦੀਆਂ ਧਮਕੀਆਂ ਦੇਣ ਲੱਗ ਪਈ ਅਤੇ ਕੁੱਝ ਹੀ ਮਿੰਟਾਂ ਦੇ ਵਿੱਚ ਉਸ ਦਾ ਤਬਾਦਲਾ ਪੁਲਿਸ ਲਾਈਨ ਦਾ ਕਰਵਾ ਦਿੱਤਾ ਅਤੇ ਡੀ ਸੀ ਪੀ ਪੰਚਕੂਲਾ ਮੋਹਿਤ ਹਾਂਡਾ ਨੂੰ ਉਸ ਦੀ ਝੂਠੀ ਸ਼ਿਕਾਇਤ ਵੀ ਕਰ ਦਿੱਤੀ ਗਈ। ਪਿਊਸ਼ ਨੇ ਦੱਸਿਆ ਕਿ ਪੁਲੀਸ ਦੇ ਉੱਚ ਅਧਿਕਾਰੀਆਂ ਵੱਲੋਂ ਉਸ ਨੂੰ ਦਿਮਾਗੀ ਤੌਰ ਤੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਜਿਸ ਕਾਰਨ ਉਹ ਆਤਮਹੱਤਿਆ ਕਰ ਲੈਣ ਲਈ ਮਜਬੂਰ ਹੋ ਗਿਆ ਹੈ।