ਰਾਏਕੋਟ ਵਿਖੇ “ਕਿਸਾਨ ਸੰਸਦ” ਮਾਰਚ ਦੇ ਸਮਰਥਨ ‘ਚ ਔਰਤਾਂ ਨੇ ਕੱਢੀ ਜਾਗੋ

ਰਾਏਕੋਟ  (ਜੀ.ਐਸ.ਚੰਦਰ)- ਵਿਵਾਦਿਤ ਖੇਤੀ ਕਾਨੂੰਨਾਂ ਅਤੇ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਗਰੰਟੀ ਲਈ ਕਿਸਾਨ ਜਥੇਬੰਦੀਆਂ ਵੱਲੋਂ 22 ਜੁਲਾਈ ਤੋਂ ਮਾਨਸੂਨ ਸੈਸ਼ਨ ਦੌਰਾਨ ਸੰਸਦ ਵੱਲ ਮਾਰਚ ਕਰਨ ਦੇ ਸਮਰਥਨ ਵਿਚ ਬੀਤੀ ਸ਼ਾਮ ਰਾਏਕੋਟ ਦੇ ਪਿੰਡ ਸੁਧਾਰ ਦੀਆਂ ਔਰਤਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਜਾਗੋ ਕੱਢੀ ਅਤੇ ਮੋਦੀ ਹਕੂਮਤ ਨੂੰ ਲਾਹਨਤਾਂ ਪਾਈਆਂ। ਇਸ ਤੋਂ ਪਹਿਲਾਂ ਇਕੱਤਰ ਹੋਈਆਂ ਔਰਤਾਂ ਨੇ ਦਿੱਲੀ ਸੰਸਦ ਵੱਲ ਮਾਰਚ ਕਰਨ ਵਾਲੇ ਅੰਦੋਲਨਕਾਰੀਆਂ ਦੀ ਚੜ੍ਹਦੀ ਕਲ੍ਹਾ ਲਈ ਗੁਰੂਘਰ ਵਿਚ ਅਰਦਾਸ ਕੀਤੀ।ਇਸ ਉਪਰੰਤ ਵੱਡੀ ਗਿਣਤੀ ਔਰਤਾਂ ਪਿੰਡ ਸੁਧਾਰ ਦੀ ਗਿੱਲ ਪੱਤੀ ਵਾਲੀ ਸੱਥ ਵਿਚ ਇਕੱਤਰ ਹੋਈਆਂ ਅਤੇ ਮੋਦੀ ਸਰਕਾਰ ਨੂੰ ਖਿਲਾਫ਼ ਉਚੀ ਹੇਕ ਵਿਚ ਬੋਲੀਆਂ ਪਾ ਕੇ ਜਾਗੋ ਸਿਰਾਂ ਉਪਰ ਚੁੱਕ ਕੇ ਤਿਰੰਗੇ ਝੰਡੇ ਦੀ ਅਗਵਾਈ ਵਿਚ ਕਿਸਾਨੀ ਝੰਡੇ, ਬੈਨਰ ਅਤੇ ਕਾਲੇ ਝੰਡੇ ਲੈ ਕੇ ਪਿੰਡ ਦੀ ਪਰਿਕਰਮਾ ਕੀਤੀ, ਬਲਕਿ ਕਿਸਾਨੀ ਘੋਲ ਦੀ ਹਮਾਇਤ ਵਿਚ ਨਿਤਰੀਆਂ ਬੀਬੀਆਂ ਨੂੰ ਸੱਥ ਵਿਚ ਬੈਠੇ ਪਿੰਡ ਦੇ ਵੱਡੇ ਬਜੁਰਗਾਂ ਨੇ ਅਸ਼ੀਰਵਾਦ ਵੀ ਦਿੱਤਾ ਅਤੇ ਪਿੰਡ ਵਾਸੀਆਂ ਨੇ ਉਨ੍ਹਾਂ ਦਾ ਥਾਂ-ਥਾਂ ਸਵਾਗਤ ਕੀਤਾ, ਸਗੋਂ ਜਾਗੋ ਦੀ ਸਮਾਪਤੀ ਉਪਰੰਤ ਇਹ ਜੁਝਾਰੂ ਬੀਬੀਆਂ ਪਿੰਡਾਂ ਵਿਚ ਸਕੂਟਰ ਮਾਰਚ ਕਰਕੇ ਨੇੜਲੇ ਪੱਕੇ ਮੋਰਚਿਆਂ ਵਿਚ ਵੀ ਸ਼ਾਮਲ ਹੋਈਆਂ।ਇਸ ਮੌਕੇ ਕਿਸਾਨ ਆਗੂ ਭੈਣਾਂ ਜਰਨੈਲ ਗਿੱਲ, ਕਿਰਨਜੀਤ ਕੌਰ ਗਿੱਲ, ਮਨਦੀਪ ਕੌਰ ਗਿੱਲ, ਪ੍ਰਿੰਸੀਪਲ ਨੀਲਮ ਗਿੱਲ, ਇੰਦਰਜੀਤ ਕੌਰ ਗਿੱਲ, ਬੀਬੀ ਹਰਜਿੰਦਰ ਕੌਰ ਗਿੱਲ, ਜਗਦੀਸ਼ ਕੌਰ, ਮਹਿੰਦਰ ਕੌਰ ਨੇ ਇਸ ਮੌਕੇ ਕਿਹਾ ਕਿ ਇਸ ਜਾਗੋ ਦਾ ਮਕਸਦ ਪਿਛਲੇ 8 ਮਹੀਨਿਆਂ ਤੋਂ ਤਿੱਖੀਆਂ ਧੁੱਪਾਂ, ਹੱਡ ਚੀਰਦੀ ਸਰਦੀ ਅਤੇ ਭਾਰੀ ਮੀਂਹ ਦੇ ਬਾਵਜੂਦ ਦਿੱਲੀ ਦੀਆਂ ਸਰਹੱਦਾਂ ‘ਤੇ ਹੱਕਾਂ ਦੀ ਪੂਰਤੀ ਲਈ ਜੂਝ ਦੇਸ਼ ਦੇ ਅੰਨਦਾਤੇ(ਕਿਸਾਨ) ਅਤੇ ਸੱਤਾ ਦੇ ਨਸ਼ੇ ‘ਚ ਮਦਹੋਸ਼ ਮੋਦੀ ਹਕੂਮਤ ਨੂੰ ਇਹ ਇਹ ਜਤਾਉਣਾ ਹੈ ਕਿ ਪੰਜਾਬ ਦੇ ਹਰ ਵਰਗ ਦਾ ਬੱਚਾ-ਬੱਚਾ, ਲੜਕੀਆਂ, ਔਰਤਾਂ ਅਤੇ ਬਜ਼ੁਰਗ ਔਰਤਾਂ ਵੀ ਕਿਸਾਨੀ ਸੰਘਰਸ਼ ਦੀ ਹਮਾਇਤ ‘ਤੇ ਡੱਟੀਆਂ ਹੋਈਆਂ ਹਨ।ਇਸ ਮੌਕੇ ਪਿੰਡ ਦੇ ਸਰਪੰਚ ਹਰਮਿੰਦਰ ਸਿੰਘ ਗਿੱਲ, ਕਿਸਾਨ ਆਗੂ ਇਕਬਾਲ ਸਿੰਘ, ਨਿਰਮਲ ਸਿੰਘ, ਸੁਰਿੰਦਰ ਸਿੰਘ, ਇੰਦਰਜੀਤ ਸਿੰਘ, ਪਿਆਰਾ ਸਿੰਘ ਵੀ ਜਾਗੋ ਵਾਲੀਆਂ ਬੀਬੀਆਂ ਦੇ ਪਿੱਛੇ ਪਿੱਛੇ ਨਾਅਰੇ ਮਾਰਦੇ ਚੱਲ ਰਹੇ ਸਨ, ਜਦਕਿ ਸਕੂਲੀ ਵਿਿਦਆਰਥਣਾਂ ਅਤੇ ਛੋਟੇ ਬੱਚਿਆਂ ਨੇ ਵੀ ਵੱਡੀ ਗਿਣਤੀ ਵਿਚ ਜਾਗੋ ਵਿਚ ਸ਼ਮੂਲੀਅਤ ਕੀਤੀ।