ਰਾਏਕੋਟ ਵਿਖੇ ਰੂੜੀ ਤੋਂ ਮਿਲਿਆ ਨਵ ਜੰਮਿਆ ਲਾਵਾਰਸ ਬੱਚਾ

ਰਾਏਕੋਟ (ਜੀ.ਐਸ.ਚੰਦਰ) : ਰਾਏਕੋਟ ਦੇ ਪਿੰਡ ਬੱਸੀਆਂ ਵਿਖੇ ਝੋਰੜਾਂ ਰੋਡ ‘ਤੇ ਸਥਿਤ ਰੂੜੀ ਉਪਰ ਇੱਕ ਨਵ ਜੰਮਿਆ ਬੱਚਾ(ਲੜਕਾ) ਮਿਲਣ ਕਾਰਨ ਇਲਾਕੇ ਵਿਚ ਸਨਸਨੀ ਫੈਲ ਗਈ, ਜਿਸ ਦਾ ਪਤਾ ਉਸ ਸਮੇਂ ਲੱਗਿਆ ਜਦੋਂ ਝੁੱਗੀ ਝੌਂਪੜੀ ਵਾਲਿਆਂ ਨੇ ਬੱਚੇ ਦੇ ਰੋਣ ਦੀ ਆਵਾਜ਼ ਸੁਣੀ, ਜਿਸ ‘ਤੇ ਉਨ੍ਹਾਂ ਬੱਚੇ ਨੂੰ ਚੁੱਕ ਲਿਆ ਅਤੇ ਲੰਘ ਰਹੇ ਪਿੰਡ ਦੇ ਕੁਝ ਨੌਜਵਾਨਾਂ ਨੂੰ ਦੱਸਿਆ ਤਾਂ ਉਕਤ ਨੌਜਵਾਨਾਂ ਨੇ ਇਸ ਦੀ ਸੂਚਨਾ ਆਪਣੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਦੇ ਸਰਪੰਚ ਜਗਦੇਵ ਸਿੰਘ ਚੀਮਾ ਨੂੰ ਦਿੱਤੀ, ਸਗੋਂ ਇਸ ਖ਼ਬਰ ਦੀ ਭਿਣਕ ਲੱਗਦਿਆਂ ਹੀ ਵੱਡੀ ਗਿਣਤੀ ਵਿਚ ਪਿੰਡ ਵਾਸੀ ਅਤੇ ਆਲੇ ਦੁਆਲੇ ਦੇ ਲੋਕ ਉਕਤ ਜਗ੍ਹਾ ਉਪਰ ਪਹੁੰਚ ਗਏ ਅਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਇਸ ਮੌਕੇ ਸਰਪੰਚ ਜਗਦੇਵ ਸਿੰਘ, ਬਲਵੀਰ ਸਿੰਘ ਚੀਮਾ ਅਤੇ ਹੋਰਨਾਂ ਹੋਰਨਾਂ ਮੋਹਤਵਰਾਂ ਨੇ ਐਂਬੂਲੈਂਸ ਰਾਹੀਂ ਇਸ ਬੱਚੇ ਨੂੰ ਸਰਕਾਰੀ ਹਸਪਤਾਲ ਰਾਏਕੋਟ ਵਿਖੇ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਬੱਚੇ ਦਾ ਡਾਕਟਰੀ ਮੁਆਇਨਾ ਕੀਤਾ।ਇਸ ਮੌਕੇ ਗੱਲਬਾਤ ਕਰਦਿਆਂ ਡਾ ਹਰਕਮਲ ਕੌਰ ਨੇ ਦੱਸਿਆ ਕਿ ਪਿੰਡ ਬੱਸੀਆਂ ‘ਚੋਂ ਮਿਲਿਆ ਨਵ-ਜਨਮਿਆ ਬੱਚਾ ਲੜਕਾ ਹੈ ਪ੍ਰੰਤੂ ਉਸਦਾ ਨਾੜੂਆਂ ਕੱਟਿਆ ਨਹੀਂ ਹੋਇਆ ਸੀ, ਜਿਸ ‘ਤੇ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ, ਹਾਲਾਂਕਿ ਬੱਚਾ ਪੂਰੀ ਤਰ੍ਹਾਂ ਸਿਹਤਯਾਬ ਸੀ। ਪ੍ਰੰਤੂ ਅਗਲੇ ਅਠਤਾਲੀ ਘੰਟਿਆਂ ਵਿੱਚ ਉਸ ਨੂੰ ਡਾਕਟਰੀ ਦੇਖ ਰੇਖ ਵਿਚ ਰੱਖਣ ਦੇ ਲਈ ਲੁਧਿਆਣਾ ਸਰਕਾਰੀ ਹਸਪਤਾਲ ਵਿਖੇ ਭੇਜ ਦਿੱਤਾ ਗਿਆ। ਉਧਰ ਹਸਪਤਾਲ ਵਿੱਚ ਮੌਜੂਦ ਦੋ ਔਰਤਾਂ, ਜਿਨ੍ਹਾਂ ਦੀ ਰਾਤ ਡਲੀਵਰੀ ਹੋਈ ਸੀ, ਨੇ ਇਸ ਲਵਾਰਸ ਬੱਚੇ ਨੂੰ ਆਪਣਾ ਦੁੱਧ ਪਿਲਾ ਕੇ ਮਮਤਾ ਦੀ ਅਨੋਖੀ ਮਿਸਾਲ ਕਾਇਮ ਕੀਤੀ।ਇਸ ਸਬੰਧੀ ਗੱਲਬਾਤ ਕਰਦਿਆਂ ਥਾਣਾ ਸਦਰ ਰਾਏਕੋਟ ਦੇ ਐਸ.ਐਚ.ਓ ਅਜੈਬ ਸਿੰਘ ਨੇ ਦੱਸਿਆ ਕਿ ਇਸ ਸਬੰਧ ਵਿੱਚ ਮੁਕੱਦਮਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ। ਇਸ ਮੌਕੇ ਜਗਦੇਵ ਸਿੰਘ ਸਰਪੰਚ, ਬਲਵੀਰ ਸਿੰਘ ਚੀਮਾ ਅਤੇ ਹੋਰਨਾਂ ਪਿੰਡਵਾਸੀਆਂ ਨੇ ਇਸ ਘਟਨਾ ਉਪਰ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਜਿੱਥੇ ਮਮਤਾ ਅਤੇ ਬਾਹਰ ਦੇ ਰਿਸ਼ਤੇ ਨੂੰ ਕਲੰਕਤ ਕਰਦੀਆਂ ਹਨ ਉੱਥੇ ਹੀ ਸਮਾਜ ਨੂੰ ਵੀ ਸ਼ਰਮਸਾਰ ਕਰਦੀਆਂ ਹਨ, ਸਗੋਂ ਵੱਡੀ ਗਿਣਤੀ ‘ਚ ਲੋਕਾਂ ਵੱਲੋਂ ਬੱਚੇ ਨੂੰ ਗੋਦ ਲੈਣ ਲਈ ਯਤਨ ਕੀਤੇ ਜਾ ਰਹੇ ਹਨ।