ਬਲਾਤਕਾਰ ਕੇਸ ‘ਚ ਫਸੇ ASI ਦੇ ਮਾਮਲੇ ‘ਚ ਹਾਈ ਕੋਰਟ ਨੇ ਨਵੀਂ SIT ਦਾ ਕੀਤਾ ਗਠਨ

ਚੰਡੀਗੜ੍ਹ – ਨੌਜਵਾਨ ਖ਼ਿਲਾਫ਼ ਝੂਠਾ ਕੇਸ ਦਰਜ ਕਰਕੇ ਛੱਡਣ ਬਦਲੇ ਉਸ ਦੀ ਵਿਧਵਾ ਮਾਂ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਨੇ ਐਸਐਸਪੀ ਬਠਿੰਡਾ ਵੱਲੋਂ ਗਠਿਤ ਐਸਆਈਟੀ ਨੂੰ ਰੱਦ ਕਰ ਦਿੱਤਾ ਹੈ। ਹਾਈ ਕੋਰਟ ਨੇ ਇੱਕ ਨਵੀਂ ਐਸਆਈਟੀ ਦਾ ਗਠਨ ਕੀਤਾ ਹੈ ਜਿਸ ਵਿੱਚ ਤਿੰਨ ਮਹਿਲਾ ਪੁਲਿਸ ਅਧਿਕਾਰੀ ਤਾਇਨਾਤ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚ ਏ.ਡੀ.ਜੀ.ਪੀ  ਗੁਰਪ੍ਰੀਤ ਦਿਓ, ਐਸ.ਐਸ.ਪੀ ਮੁਕਤਸਰ ਡੀ ਡੀ ਸੁਦਰਵੀਜੀ ਅਤੇ ਡੀਐਸਪੀ (DSP) ਬੁਢਲਾਡਾ ਪ੍ਰਭਜੋਤ ਕੌਰ ਸ਼ਾਮਲ ਹਨ।ਐਡਵੋਕੇਟ ਗੁਰਪ੍ਰੀਤ ਸਿੰਘ ਭਸੀਨ ਨੇ ਪੀੜਤ ਨੂੰ ਇਨਸਾਫ ਦੀ ਮੰਗ ਕਰਦਿਆਂ ਪਟੀਸ਼ਨ ਦਾਇਰ ਕੀਤੀ ਸੀ। ਜਿਸ ਤੋਂ ਬਾਅਦ ਹਾਈ ਕੋਰਟ ਨੇ ਸੀਜੇਐਮ ਬਠਿੰਡਾ ਨੂੰ ਹੁਕਮ ਦਿੱਤੇ ਹਨ ਕਿ ਉਹ ਸਾਰੀਆਂ ਆਡੀਓ-ਵੀਡੀਓ ਰਿਕਾਰਡਿੰਗਾਂ ਅਤੇ ਮੋਬਾਈਲ ਫੋਨ ਅਤੇ ਹੋਰ ਸਬੂਤ ਸੀਲਿੰਗ ਅਤੇ ਜਾਂਚ ਲਈ ਲੈਬ ਨੂੰ ਭੇਜਣ।ਕੀ ਹੈ ਪੂਰਾ ਮਾਮਲਾਇਕ ਰਿਪੋਰਟ ਦੇ ਅਨੁਸਾਰ ਮੁਲਜ਼ਮ ਨੇ ਪਹਿਲਾਂ ਵਿਧਵਾ ਔਰਤ ਨੂੰ ਬਲੈਕਮੇਲ ਕਰਨ ਲਈ ਆਪਣੇ 20 ਸਾਲ ਦੇ ਬੇਟੇ ਨੂੰ ਨਸ਼ੇ ਦੀ ਤਸਕਰੀ ਦੇ ਦੋਸ਼ ਵਿੱਚ ਜੇਲ੍ਹ ਵਿੱਚ ਪਾ ਦਿੱਤਾ ਸੀ। ਇਸ ਤੋਂ ਬਾਅਦ ਉਸਨੇ ਔਰਤ ਦੇ ਬੇਟੇ ਨੂੰ ਛੱਡਣ ਲਈ 2 ਲੱਖ ਰੁਪਏ ਦੀ ਮੰਗ ਕੀਤੀ। ਔਰਤ ਨੇ ਮੁਲਜ਼ਮ ਨੂੰ ਇਕ ਲੱਖ ਰੁਪਏ ਅਦਾ ਕੀਤੇ ਪਰ ਇਸ ਦੇ ਬਾਵਜੂਦ ਉਸ ਨੇ ਔਰਤ ’ਤੇ ਸਰੀਰਕ ਸੰਬੰਧ ਬਣਾਉਣ ਲਈ ਦਬਾਅ ਪਾਇਆ। ਇਸ ਦੌਰਾਨ ਉਸ ਨੇ ਔਰਤ ਨਾਲ ਬਲਾਤਕਾਰ ਵੀ ਕੀਤਾ।ਔਰਤ ਨੇ ਇਸ ਘਟਨਾ ਦੀ ਜਾਣਕਾਰੀ ਆਪਣੀ ਪੰਚਾਇਤ ਦੇ ਲੋਕਾਂ ਨੂੰ ਦਿੱਤੀ। ਪਿੰਡ ਦੇ ਲੋਕਾਂ ਨੇ ਔਰਤ ਦੇ ਘਰ ਦੇ ਆਲੇ ਦੁਆਲੇ ਸੀਸੀਟੀਵੀ ਕੈਮਰੇ ਲਗਾਏ ਅਤੇ ਮੁਲਜ਼ਮ ਨੂੰ ਰੰਗੇ ਹੱਥੀਂ ਕਾਬੂ ਕੀਤਾ। ਇਸ ਮਾਮਲੇ ਵਿੱਚ ਇੱਕ ਸੂ- ਮੋਟੋ ਨੋਟਿਸ ਲੈਂਦਿਆਂ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਸੀਨੀਅਰ ਪੁਲਿਸ ਅਧਿਕਾਰੀ ਬਠਿੰਡਾ ਤੋਂ ਇੱਕ ਸਟੇਟਸ ਰਿਪੋਰਟ ਤਲਬ ਕੀਤੀ ਸੀ। ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਕਿਹਾ ਸੀ ਕਿ ਮੀਡੀਆ ਵੱਲੋਂ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ।