ਗਣਤੰਤਰ ਦਿਵਸ ਕਿਸਾਨ ਪਰੇਡ ਮਾਮਲੇ ਵਿਚ ਚਾਰ ਕਿਸਾਨਾਂ ਦੀ ਪੇਸ਼ਗੀ ਜ਼ਮਾਨਤ ਮਨਜ਼ੂਰ

ਨਵੀਂ ਦਿੱਲੀ  : ਦਿੱਲੀ ਦੀ ਇਕ ਅਦਾਲਤ ਨੇ ਗਣਤੰਤਵਰ ਦਿਵਸ ਕਿਸਾਨ ਪਰੇਡ ਨਾਲ ਸਬੰਧਤ ਦਰਜ ਕੇਸ ਵਿਚ ਚਾਰ ਕਿਸਾਨਾਂ ਦੀ ਪੇਸ਼ਗੀ ਜ਼ਮਾਨਤ ਮਨਜ਼ੂਰ ਕਰ ਲਈ ਹੈ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਸ੍ਰੀ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਦਿੱਲੀ ਪੁਲਿਸ ਵੱਲੋਂ ਨਾਂਗਲੋਈ ਥਾਣੇ ਵਿਚ ਐਫ ਆਈ ਆਰ ਨੰਬਰ 45 ਅਤੇ 46 ਦਰਜ ਕੀਤੀ ਗਈ ਸੀ। ਇਸ ਮਾਮਲੇ ਵਿਚ ਐਡੀਸ਼ਨਲ ਸੈਸ਼ਨਜ਼ ਜੱਜ ਹਿਮਾਨੀ ਮਲਹੋਤਰਾ ਨੇ ਚਾਰ ਕਿਸਾਨਾਂ ਵਿਰੇਂਦਰ ਉਰਫ ਸੋਨੂੰ, ਸਹਿਦੇਵ, ਸੰਜੀਵ ਅਤੇ ਵਿਕਾਸ ਦੀਆਂ ਪੇਸ਼ਗੀ ਜ਼ਮਾਨਤਾਂ ਮਨਜ਼ੂਰ ਕੀਤੀਆਂ ਹਨ। ਚਾਰਾਂ ਨੂੰ 25-25 ਹਜ਼ਾਰ ਰੁਪਏ ਦਾ ਮੁਚੱਲਕਾ ਭਰਨ ਦੇ ਹੁਕਮ ਦਿੱਤੇ ਗਏ ਹਨ।ਉਹਨਾਂ ਦੱਸਿਆ ਕਿ ਪਹਿਲੇ ਦੋ ਨੌਜਵਾਨਾਂ ਦੇ ਮਾਮਲੇ ਵਿਚ ਐਡਵੋਕੇਟ ਰੇਖਾ ਅਗਵਾਲ, ਰਾਹੁਲ ਸਹਿਗਲ, ਰਵਿੰਦਰ ਕੌਰ ਬੱਤਰਾ, ਇਸ਼ਟਪ੍ਰੀਤ ਸਿੰਘ, ਗੁਰਜੀਤ ਕੌਰ ਕਲਸੀ, ਨਿਤਿਨ ਅਤੇ ਤੇਜਪ੍ਰਤਾਪ ਨੇ ਅਦਾਲਤ ਵਿਚ ਦਲੀਲਾਂ ਪੇਸ਼ ਕੀਤੀਆਂ ਜਿਹਨਾਂ ਤੋਂ ਸਹਿਮਤ ਹੁੰਦੇ ਹੋਏ ਅਦਾਲਤ ਨੇ ਪੇਸ਼ਗੀ ਜ਼ਮਾਨਤ ਮਨਜ਼ੂਰ ਕੀਤੀ।ਇਸੇ ਤਰੀਕੇ ਦੂਜੇ ਦੋ ਨੌਜਵਾਨਾਂ ਦੇ ਕੇਸ ਵਿਚ ਐਡਵੋਕੇਟ ਰੇਖਾ ਅਗਰਵਾਲ, ਰਵਿੰਦਰ ਕੌਰ ਬੱਤਰਾ, ਰਾਹੁਲ ਸਹਿਗਲ, ਅਵਨੀਤ ਤੇ ਕੋਮਲ ਨੇ ਅਦਾਲਤ ਵਿਚ ਦਲੀਲਾਂ ਪੇਸ਼ ਕੀਤੀਆਂ ਜਿਸ ਤੋਂ ਸਹਿਮਤ ਹੁੰਦੇ ਹੋਏ ਅਦਾਲਤ ਨੇ ਇਹਨਾਂ ਦੋਵਾਂ ਦੀ ਵੀ ਪੇਸ਼ਗੀ ਜ਼ਮਾਨਤ ਮਨਜ਼ੂਰ ਕਰ ਲਈ।ਉਹਨਾਂ ਦੱਸਿਆ ਕਿ ਇਹ ਚਾਰੋਂ ਨੌਜਵਾਨ ਹਰਿਆਣਾ ਨਾਲ ਸਬੰਧਤ ਹਨ। ਉਹਨਾਂ ਦੱਸਿਆ ਕਿ 26 ਜਨਵਰੀ ਅਤੇ ਇਸ ਤੋਂ ਬਾਅਦ ਦਿੱਲੀ ਪੁਲਿਸ ਵੱਲੋਂ ਝੂਠੇ ਦੋਸ਼ਾਂ ਤਹਿਤ ਨੌਜਵਾਨਾਂ ਤੇ ਕਿਸਾਨਾ ਖਿਲਾਫ ਕੇਸ ਦਰਜ ਕੀਤੇ ਗਏ ਸਨ। ਦਿੱਲੀ ਗੁਰਦੁਆਰਾ ਕਮੇਟੀ ਨੇ ਵਕੀਲਾਂ ਦਾ ਪੈਨਲ ਬਣਾ ਕੇ ਇਹ ਸਾਰੇ ਕੇਸ ਲੜੇ ਹਨ ਜਿਹਨਾਂ ਵਿਚ ਨੌਜਵਾਨਾਂ ਤੇ ਕਿਸਾਨਾਂ ਨੂੰ ਜ਼ਮਾਨਤਾਂ ਤੇ ਪੇਸ਼ਗੀ ਜ਼ਮਾਨਤਾਂ ਮਿਲੀਆਂ ਹਨ। ਉਹਨਾਂ ਕਿਹਾ ਕਿ ਇਹਨਾਂ ਸਾਰਿਆਂ ਦੇ ਬਾਇੱਜ਼ਤ ਬਰੀ ਹੋਣ ਤੱਕ ਕਮੇਟੀ ਇਹਨਾਂ ਦੇ ਕੇਸ ਲੜੇਗੀ।