ਪੰਜਾਬ ‘ਚ ਨਗਰ ਕੌਂਸਲ ਚੋਣਾਂ ਨੂੰ ਲੈਕੇ ਛਿੜੀ ਜੰਗ

ਨਾਭਾ (ਜਗਨਾਰ ਸਿੰਘ ਦੁਲੱਦੀ) : ਪੰਜਾਬ ‘ਚ ਨਗਰ ਕੌਂਸਲ ਚੋਣਾਂ ਦਾ ਨੋਟੀਫਿਕੇਸ਼ਨ ਜਾਰੀ ਹੋ ਗਿਆ ਹੈ ਪਰ ਚੋਣਾਂ ਦਾ ਰਸਮੀ ਐਲਾਨ ਨਹੀਂ ਹੋਇਆ। ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਹੀ ਲੋਕਾਂ ਵੱਲੋਂ ਸਾਰੀ ਹੀ ਸਿਆਸੀ ਪਾਰਟੀਆਂ ਦਾ ਬਾਈਕਾਟ ਕਰਨਾ ਸ਼ੁਰੂ ਕਰ ਦਿੱਤਾ ਹੈ। ਜਿਸ ਦੀ ਤਾਜ਼ਾ ਮਿਸਾਲ ਨਾਭਾ ‘ਚ ਦੇਖਣ ਨੂੰ ਮਿਲੀ ਹੈ। ਨਾਭਾ ਵਿਖੇ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਹੀ ਲੋਕਾਂ ਵੱਲੋਂ ਨਗਰ ਕੌਂਸਲ ਚੋਣਾਂ ਦਾ ਬਾਈਕਾਟ ਕਰਨਾ ਸ਼ੁਰੂ ਕਰ ਦਿੱਤਾ ਹੈ। ਨਾਭਾ ਦੇ ਲੋਕਾਂ ਨੇ ਮੁਹੱਲੇ ਦੇ ਬਾਹਰ ਬੈਨਰ ਲਗਾ ਕੇ ਹਰ ਇੱਕ ਪਾਰਟੀ ਦਾ ਬਾਈਕਾਟ ਕੀਤਾ ਹੈ ਕਿਉਂਕਿ ਮੁਹੱਲੇ ਵਿੱਚ ਪਿਛਲੇ 20 ਸਾਲਾਂ ਤੋਂ ਗਲੀਆਂ ਨਾਲੀਆਂ ਨਹੀਂ ਬਣੀਆਂ ਅਤੇ ਚੋਣਾਂ ਵੇਲੇ ਉਮੀਦਵਾਰ ਉਨ੍ਹਾਂ ਨੂੰ ਇਹ ਭਰੋਸਾ ਦੇ ਕੇ ਵੋਟਾਂ ਲੈ ਲੈਂਦੇ ਹਨ ਕਿ ਜਦੋਂ ਅਸੀਂ ਜਿੱਤ ਜਾਵਾਂਗੇ ਤਾਂ ਤੁਹਾਡੇ ਮੁਹੱਲੇ ਦੀਆਂ ਸੜਕਾਂ ਅਤੇ ਨਾਲੀਆਂ ਬਣਾ ਦਿਆਂਗੇ। ਪਰ ਜਿੱਤਣ ਤੋਂ ਬਾਅਦ ਕੋਈ ਵੀ ਉਮੀਦਵਾਰ ਮੁਹੱਲੇ ਵਿੱਚ ਨਹੀਂ ਵੜਦਾ ਜਿਸ ਕਰਕੇ ਮੁਹੱਲਾ ਨਿਵਾਸੀਆਂ ਨੇ ਹੁਣ ਸਾਰੇ ਹੀ ਪਾਰਟੀ ਦੇ ਉਮੀਦਵਾਰਾਂ ਦਾ ਬਾਈਕਾਟ ਕਰ ਦਿੱਤਾ ਹੈ। ਮੁਹੱਲਾ ਨਿਵਾਸੀਆਂ ਦਾ ਕਹਿਣਾ ਹੈ ਕਿ ਅਸੀਂ ਕਈ ਵਾਰ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਜਾਣੂ ਕਰਵਾਇਆ ਪਰ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ।ਇਸ ਮੌਕੇ ‘ਤੇ ਮੁਹੱਲਾ ਨਿਵਾਸੀਆਂ ਨੇ ਕਿਹਾ ਕਿ ਅਸੀਂ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਾ ਕਿਉਂਕਿ ਅਜੇ ਤਕ ਨਾ ਅਕਾਲੀ ਅਤੇ ਨਾ ਕਾਂਗਰਸ ਨੇ ਸਾਡੇ ਮੁਹੱਲੇ ਦੀ ਸਾਰ ਨਹੀਂ ਲਈ ਅਤੇ ਜੋ ਪਿੱਛੋਂ ਸੜਕਾਂ ਬਣਾ ਦਿੱਤੀਆਂ ਹਨ ਅਤੇ ਕਈ ਸੜਕਾਂ ਅੱਧ ਵਿਚਕਾਰ ਹੀ ਛੱਡ ਦਿੱਤੀਆਂ ਹਨ ਜਿਸ ਕਰਕੇ ਅਸੀਂ ਨਗਰ ਕੌਂਸਲ ਚੋਣਾਂ ਦਾ ਬਾਈਕਾਟ ਕਰਨ ਦਾ ਫ਼ੈਸਲਾ ਲਿਆ ਹੈ।