ਸਰਹੱਦੀ ਇਲਾਕੇ ’ਚੋਂ ਪਾਕਿਸਤਾਨੀ ਡਰੋਨ ਹੋਇਆ ਬਰਾਮਦ

ਗੁਰਦਾਸਪੁਰ : ਪੁਲਿਸ ਜ਼ਿਲ੍ਹਾ ਬਟਾਲਾ ਅਧੀਨ ਆਉਂਦੇ ਥਾਣਾ ਕੋਟਲੀ ਸੂਰਤ ਮੱਲ੍ਹੀ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਸਰਹੱਦੀ ਇਲਾਕੇ ਵਿੱਚ ਪੰਜਾਬ ਪੁਲਿਸ ਵੱਲੋਂ ਲਗਾਏ ਗਏ ਐਂਟੀ-ਡਰੋਨ ਡਿਵਾਈਸ ਦੀ ਮਦਦ ਨਾਲ ਖੇਤਾਂ ਵਿੱਚ ਡਿੱਗਿਆ ਪਾਕਿਸਤਾਨੀ ਡਰੋਨ ਬਰਾਮਦ ਕਰ ਲਿਆ ਗਿਆ।ਪ੍ਰਾਪਤ ਜਾਣਕਾਰੀ ਅਨੁਸਾਰ, ਸਰਹੱਦੀ ਇਲਾਕੇ ਵਿੱਚ ਡਰੋਨਾਂ ਦੀਆਂ ਗਤੀਵਿਧੀਆਂ ਨੂੰ ਰੋਕਣ ਅਤੇ ਉਨ੍ਹਾਂ ’ਤੇ ਨਜ਼ਰ ਰੱਖਣ ਲਈ ਪੰਜਾਬ ਪੁਲਿਸ ਵੱਲੋਂ ਐਂਟੀ-ਡਰੋਨ ਡਿਵਾਈਸ ਲਗਾਏ ਗਏ ਹਨ। ਇਸ ਡਿਵਾਈਸ ਤੋਂ ਮਿਲੇ ਸਿਗਨਲ ਦੇ ਆਧਾਰ ’ਤੇ ਪੁਲਿਸ ਨੇ ਖੇਤਾਂ ਵਿੱਚ ਡਿੱਗੇ ਡਰੋਨ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ।ਇਸ ਕਾਰਵਾਈ ਦੌਰਾਨ DSP ਡੇਰਾ ਬਾਬਾ ਨਾਨਕ, ਥਾਣਾ ਕੋਟਲੀ ਸੂਰਤ ਮੱਲ੍ਹੀ ਦੇ SHO ਸਤਪਾਲ ਸਿੰਘ, ASI ਹਰਜੀਤ ਸਿੰਘ, ਪੰਜਾਬ ਪੁਲਿਸ ਦੀ ਐਂਟੀ-ਡਰੋਨ ਡਿਵਾਈਸ ਟੀਮ ਅਤੇ BSF ਦੇ ਜਵਾਨ ਮੌਜੂਦ ਸਨ।ਡਰੋਨ ਬਰਾਮਦ ਹੋਣ ਤੋਂ ਬਾਅਦ ਪੰਜਾਬ ਪੁਲਿਸ ਨੇ ਇਸ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਇਲਾਕੇ ਵਿੱਚ ਸਾਂਝਾ ਸਰਚ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ। ਇਸ ਮੁਹਿੰਮ ਦਾ ਮਕਸਦ ਇਹ ਪਤਾ ਲਗਾਉਣਾ ਹੈ ਕਿ ਡਰੋਨ ਰਾਹੀਂ ਕੋਈ ਨਸ਼ੀਲੇ ਪਦਾਰਥ, ਹਥਿਆਰ ਜਾਂ ਹੋਰ ਸ਼ੱਕੀ ਸਮਾਨ ਤਾਂ ਨਹੀਂ ਭੇਜਿਆ ਗਿਆ ਸੀ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।