ਪੰਜਾਬ ਰੋਡਵੇਜ਼ ਦੀ ਬੱਸ ’ਚੋਂ 1.39 ਗ੍ਰਾਮ ਚਿੱਟੇ ਸਮੇਤ ਇੱਕ ਨੌਜਵਾਨ ਕਾਬੂ

ਕੰਦਾਘਾਟ: ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਕੰਦਾਘਾਟ ਪੁਲਸ ਨੇ ਪੰਜਾਬ ਰੋਡਵੇਜ਼ ਦੀ ਬੱਸ ਵਿੱਚ ਸਫ਼ਰ ਕਰ ਰਹੇ ਇੱਕ ਨੌਜਵਾਨ ਕੋਲੋਂ 1.39 ਗ੍ਰਾਮ ਚਿੱਟਾ (ਹੈਰੋਇਨ) ਬਰਾਮਦ ਕੀਤਾ ਹੈ। ਪੁਲਸ ਨੇ ਮੁਲਜ਼ਮ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ, 24 ਨਵੰਬਰ 2026 ਨੂੰ ਪੁਲਸ ਥਾਣਾ ਕੰਦਾਘਾਟ ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਚੰਡੀਗੜ੍ਹ ਤੋਂ ਸ਼ਿਮਲਾ ਵੱਲ ਜਾ ਰਹੀ ਪੰਜਾਬ ਰੋਡਵੇਜ਼ ਦੀ ਇੱਕ ਬੱਸ ਵਿੱਚ ਨਸ਼ੀਲਾ ਪਦਾਰਥ ਲਿਜਾਇਆ ਜਾ ਰਿਹਾ ਹੈ। ਸੂਚਨਾ ਦੇ ਆਧਾਰ ‘ਤੇ ਪੁਲਸ ਟੀਮ ਨੇ ਕੰਦਾਘਾਟ ਦੇ ਚਾਇਲ ਚੌਕ ਵਿਖੇ ਬੱਸ ਨੂੰ ਜਾਂਚ ਲਈ ਰੋਕਿਆ।ਇਸ ਦੌਰਾਨ ਬੱਸ ਵਿੱਚ ਸਵਾਰ ਯਾਤਰੀਆਂ ਦੀ ਤਲਾਸ਼ੀ ਲਈ ਗਈ। ਜਾਂਚ ਦੌਰਾਨ ਬੱਸ ਦੀ ਸੀਟ ਨੰਬਰ 7 ‘ਤੇ ਬੈਠੇ ਇੱਕ ਵਿਅਕਤੀ ਕੋਲੋਂ 1.39 ਗ੍ਰਾਮ ਚਿੱਟਾ ਬਰਾਮਦ ਹੋਇਆ। ਮੁਲਜ਼ਮ ਦੀ ਪਛਾਣ ਵਿਸ਼ਾਲ (32) ਪੁੱਤਰ ਸਵਰਗੀ ਮੋਹਨ ਲਾਲ, ਵਾਸੀ ਪਿੰਡ ਅਤੇ ਡਾਕਘਰ ਜੁੰਗਾ, ਤਹਿਸੀਲ ਜੁੰਗਾ, ਜ਼ਿਲ੍ਹਾ ਸ਼ਿਮਲਾ ਵਜੋਂ ਹੋਈ ਹੈ।ਪੁਲਸ ਨੇ ਇਸ ਮਾਮਲੇ ਵਿੱਚ ਪੁਲਸ ਥਾਣਾ ਕੰਦਾਘਾਟ ਵਿਖੇ ਐਫ.ਆਈ.ਆਰ. ਨੰਬਰ 90/2026, ਮਿਤੀ 24 ਨਵੰਬਰ 2026 ਨੂੰ ਐਨ.ਡੀ.ਪੀ.ਐਸ. ਐਕਟ ਦੀ ਧਾਰਾ 21 ਤਹਿਤ ਮਾਮਲਾ ਦਰਜ ਕੀਤਾ ਹੈ।ਪੁਲਸ ਅਨੁਸਾਰ, ਮਾਮਲੇ ਦੀ ਜਾਂਚ ਦੌਰਾਨ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਕੇ ਉਸ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਗਈ। ਇਸ ਤੋਂ ਬਾਅਦ ਉਸ ਨੂੰ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (BNSS) ਦੀ ਧਾਰਾ 35(3) ਤਹਿਤ ਨੋਟਿਸ ਦੇ ਕੇ ਪਾਬੰਦ ਕੀਤਾ ਗਿਆ।ਉੱਥੇ ਹੀ ਮੁਲਜ਼ਮ ਦੇ ਪਿਛਲੇ ਅਪਰਾਧਿਕ ਰਿਕਾਰਡ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਨਸ਼ਾ ਤਸਕਰੀ ਦੇ ਨੈੱਟਵਰਕ ਨਾਲ ਜੁੜੇ ਹੋਰ ਪਹਿਲੂਆਂ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ।