ਅੰਮ੍ਰਿਤਸਰ ਸਰਹੱਦ ਨੇੜਿਓਂ 10 ਕਿੱਲੋ ਹੈਰੋਇਨ ਜ਼ਬਤ
ਅੰਮ੍ਰਿਤਸਰ: ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ’ਤੇ ਨਸ਼ਾ ਤਸਕਰੀ ਦੀ ਇੱਕ ਹੋਰ ਕੋਸ਼ਿਸ਼ ਨਾਕਾਮ ਹੋ ਗਈ ਹੈ। ਅੰਮ੍ਰਿਤਸਰ ਦੇ ਘਰਿੰਡਾ ਇਲਾਕੇ ਅਧੀਨ ਪੈਂਦੇ ਮੋਦੇ ਪਿੰਡ ਨੇੜਿਓਂ ਬੀ.ਐੱਸ.ਐੱਫ ਅਤੇ ਪੁਲਿਸ ਦੇ ਜਵਾਨਾਂ ਨੇ ਵੱਖ-ਵੱਖ ਥਾਵਾਂ ਤੋਂ ਕੁੱਲ 10 ਕਿੱਲੋ ਦੇ ਕਰੀਬ ਹੈਰੋਇਨ ਬਰਾਮਦ ਕੀਤੀ ਹੈ। ਮੁੱਢਲੀ ਜਾਣਕਾਰੀ ਅਨੁਸਾਰ ਇਹ ਨਸ਼ੀਲੇ ਪਦਾਰਥ ਪਾਕਿਸਤਾਨੀ ਤਸਕਰਾਂ ਵੱਲੋਂ ਡਰੋਨ ਰਾਹੀਂ ਭਾਰਤੀ ਇਲਾਕੇ ਵਿੱਚ ਸੁੱਟੇ ਗਏ ਸਨ।ਜਾਣਕਾਰੀ ਮੁਤਾਬਕ ਬੀ.ਐੱਸ.ਐੱਫ ਦੇ ਜਵਾਨਾਂ ਨੇ ਮੋਦੇ ਪਿੰਡ ਨੇੜਲੇ ਖੇਤਾਂ ਵਿੱਚੋਂ 4 ਕਿੱਲੋ 986 ਗ੍ਰਾਮ ਹੈਰੋਇਨ ਬਰਾਮਦ ਕੀਤੀ। ਇਸ ਤੋਂ ਇਲਾਵਾ ਪੁਲਿਸ ਨੇ ਵੀ ਇਸੇ ਪਿੰਡ ਦੇ ਖੇਤਾਂ ਵਿੱਚੋਂ 5 ਕਿੱਲੋ ਹੈਰੋਇਨ ਦੀ ਇੱਕ ਹੋਰ ਖੇਪ ਲੱਭੀ। ਦੋਵੇਂ ਖੇਪਾਂ ਨੂੰ ਸੋਮਵਾਰ ਰਾਤ ਡਰੋਨ ਰਾਹੀਂ ਸੁੱਟੇ ਜਾਣ ਦਾ ਸ਼ੱਕ ਹੈ।ਥਾਣਾ ਘਰਿੰਡਾ ਦੀ ਪੁਲਿਸ ਨੇ ਇਸ ਮਾਮਲੇ ਵਿੱਚ ਅਣਪਛਾਤੇ ਤਸਕਰਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਬ-ਇੰਸਪੈਕਟਰ ਰਾਜਬੀਰ ਸਿੰਘ ਮੁਤਾਬਕ ਪੁਲਿਸ ਇਹ ਪਤਾ ਲਗਾਉਣ ਵਿੱਚ ਜੁਟੀ ਹੋਈ ਹੈ ਕਿ ਹੈਰੋਇਨ ਦੀਆਂ ਦੋਵੇਂ ਖੇਪਾਂ ਨੂੰ ਚੁੱਕਣ ਲਈ ਕਿਹੜੇ ਭਾਰਤੀ ਤਸਕਰਾਂ ਨੇ ਪਹੁੰਚਣਾ ਸੀ।ਇਸ ਦੇ ਨਾਲ ਹੀ ਪੁਲਿਸ ਵੱਲੋਂ ਇਲਾਕੇ ਦੇ ਪੁਰਾਣੇ ਨਸ਼ਾ ਤਸਕਰਾਂ ਦਾ ਰਿਕਾਰਡ ਵੀ ਖੰਗਾਲਿਆ ਜਾ ਰਿਹਾ ਹੈ, ਤਾਂ ਜੋ ਇਸ ਤਸਕਰੀ ਦੇ ਨੈੱਟਵਰਕ ਦਾ ਪਤਾ ਲਗਾਇਆ ਜਾ ਸਕੇ।
SikhDiary