ਜਲੰਧਰ ‘ਚ ਦੋ ਬੱਚਿਆਂ ਦੀ ਮਾਂ ਦੀ ਮੌਤ
ਜਲੰਧਰ: ਪ੍ਰੇਮ ਵਿਆਹ ਤੋਂ ਬਾਅਦ ਖੁਸ਼ਹਾਲ ਜ਼ਿੰਦਗੀ ਦੇ ਸੁਪਨੇ ਦੇਖਣ ਵਾਲੀ ਇੱਕ ਵਿਆਹੁਤਾ ਦੀ ਜ਼ਿੰਦਗੀ ਦਾ ਦਰਦਨਾਕ ਅੰਤ ਹੋ ਗਿਆ। ਜਲੰਧਰ ਦੇ ਸੰਤ ਨਗਰ, ਸੋਢਲ ਰੋਡ ਵਿਖੇ ਆਪਣੇ ਪੇਕੇ ਘਰ ਰਹਿ ਰਹੀ ਰੇਲਵੇ ਵਿਭਾਗ ਦੀ ਮਹਿਲਾ ਕਲਰਕ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਪਰਿਵਾਰ ਨੇ ਇਸ ਮਾਮਲੇ ਵਿੱਚ ਉਸ ਦੇ ਪਤੀ ‘ਤੇ ਤੰਗ-ਪਰੇਸ਼ਾਨ ਕਰਨ ਅਤੇ ਪੈਸਿਆਂ ਦੀ ਮੰਗ ਕਰਨ ਦੇ ਗੰਭੀਰ ਦੋਸ਼ ਲਗਾਏ ਹਨ। ਮਾਮਲੇ ਦੀ ਜਾਂਚ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਪਤੀ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਮ੍ਰਿਤਕਾ ਦੀ ਮਾਤਾ ਰੇਨੂ ਕਪੂਰ, ਵਾਸੀ ਮਕਾਨ ਨੰਬਰ 11-ਏ, ਸੰਤ ਨਗਰ, ਸੋਢਲ ਰੋਡ ਨੇ ਦੱਸਿਆ ਕਿ ਉਹ ਜਲੰਧਰ ਸਿਟੀ ਦੇ ਵੱਡੇ ਡਾਕਖਾਨੇ ਨੇੜੇ ਸਥਿਤ ਸ਼੍ਰੀ ਰਾਮ ਚੌਕ (ਕੰਪਨੀ ਬਾਗ) ਵਿਖੇ ਕਲਰਕ ਵਜੋਂ ਨੌਕਰੀ ਕਰਦੀ ਹੈ। ਉਸ ਦੇ ਦੋ ਬੱਚੇ ਹਨ, ਜਿਨ੍ਹਾਂ ਵਿੱਚ ਧੀ ਸੁਕ੍ਰਿਤੀ ਕਪੂਰ ਅਤੇ ਪੁੱਤਰ ਅੰਕਿਤ ਕਪੂਰ ਸ਼ਾਮਲ ਹਨ।ਉਸ ਦੀ ਧੀ ਸੁਕ੍ਰਿਤੀ ਰੇਲਵੇ ਦੀ ਅਕਾਊਂਟ ਬ੍ਰਾਂਚ, ਜਲੰਧਰ ਵਿੱਚ ਕਲਰਕ ਵਜੋਂ ਕੰਮ ਕਰਦੀ ਸੀ। ਉਸ ਦਾ ਵਿਆਹ ਚੰਦਨ ਨਗਰ ਦੇ ਰਹਿਣ ਵਾਲੇ ਨਿਤੀਸ਼ ਕੋਹਲੀ ਨਾਲ ਹੋਇਆ ਸੀ, ਜੋ ਨਿੱਜੀ ਕੰਮ ਕਰਦਾ ਹੈ।ਰੇਨੂ ਕਪੂਰ ਦੇ ਦੋਸ਼ਾਂ ਮੁਤਾਬਕ, ਧੀ ਨੇ ਉਸ ਨੂੰ ਦੱਸਿਆ ਸੀ ਕਿ ਕਰੀਬ ਤਿੰਨ ਸਾਲ ਪਹਿਲਾਂ ਉਸ ਦੇ ਸੋਨੇ ਦੇ ਗਹਿਣੇ ਬਿਨਾਂ ਪੁੱਛੇ ਵੇਚ ਦਿੱਤੇ ਗਏ ਸਨ। ਇਸ ਤੋਂ ਇਲਾਵਾ ਉਸ ਦਾ ਪਤੀ ਉਸ ਦੀ ਪੂਰੀ ਤਨਖ਼ਾਹ ਵੀ ਲੈ ਲੈਂਦਾ ਸੀ ਅਤੇ ਇਸ ਦੇ ਬਾਵਜੂਦ ਉਸ ਨੂੰ ਤੰਗ-ਪਰੇਸ਼ਾਨ ਕਰਦਾ ਰਹਿੰਦਾ ਸੀ।ਮ੍ਰਿਤਕਾ ਦੀ ਮਾਤਾ ਨੇ ਦੋਸ਼ ਲਗਾਇਆ ਕਿ ਜਦੋਂ ਉਸ ਦੀ ਧੀ ਨੇ ਪੈਸਿਆਂ ਸਬੰਧੀ ਗੱਲ ਕੀਤੀ ਤਾਂ ਪਰਿਵਾਰ ਵੱਲੋਂ ਨਿਤੀਸ਼ ਦੇ ਖਾਤੇ ਵਿੱਚ ਪਹਿਲਾਂ 2 ਲੱਖ ਰੁਪਏ ਆਨਲਾਈਨ ਅਤੇ ਬਾਅਦ ਵਿੱਚ 3 ਲੱਖ ਰੁਪਏ ਨਕਦ ਦਿੱਤੇ ਗਏ ਸਨ।ਸ਼ਿਕਾਇਤਕਰਤਾ ਮੁਤਾਬਕ, ਨਵੰਬਰ 2025 ਵਿੱਚ ਜਦੋਂ ਉਹ ਆਪਣੇ ਜਵਾਈ ਦੇ ਘਰ ਗਈ ਤਾਂ ਉਸ ਨੇ ਵਿਦੇਸ਼ ਜਾਣ ਲਈ 50 ਹਜ਼ਾਰ ਰੁਪਏ ਨਕਦ ਮੰਗੇ। ਇਸ ਤੋਂ ਇਲਾਵਾ ਆਦਰਸ਼ ਨਗਰ ਨੇੜੇ ਸਥਿਤ ਵਿਦੇਸ਼ ਭੇਜਣ ਵਾਲੀ ਕੰਪਨੀ ਦੇ ਖਾਤੇ ਵਿੱਚ ਵੀ 50 ਹਜ਼ਾਰ ਰੁਪਏ ਜਮ੍ਹਾਂ ਕਰਵਾਏ ਗਏ।ਮਈ ਮਹੀਨੇ ਵਿੱਚ ਜਦੋਂ ਨਿਤੀਸ਼ ਵਿਦੇਸ਼ ਤੋਂ ਵਾਪਸ ਆਇਆ ਤਾਂ ਉਸ ਨੇ ਸਿਹਤ ਠੀਕ ਨਾ ਹੋਣ ਕਾਰਨ ਵਾਪਸ ਆਉਣ ਦੀ ਗੱਲ ਕਹੀ। ਬਾਅਦ ਵਿੱਚ ਜਦੋਂ ਸੁਕ੍ਰਿਤੀ ਨੇ ਇਸ ਬਾਰੇ ਪੁੱਛਗਿੱਛ ਕੀਤੀ ਤਾਂ ਉਸ ਨੂੰ ਦੱਸਿਆ ਗਿਆ ਕਿ ਕੰਪਨੀ ਨੇ ਉਸ ਦਾ ਪਾਸਪੋਰਟ ਆਪਣੇ ਕੋਲ ਰੱਖ ਲਿਆ ਹੈ। ਪਰਿਵਾਰ ਦੇ ਮੁਤਾਬਕ, ਜਦੋਂ ਸੁਕ੍ਰਿਤੀ ਨੇ ਸਬੰਧਤ ਕੰਪਨੀ ਤੋਂ ਜਾਣਕਾਰੀ ਲਈ ਤਾਂ ਪਤਾ ਲੱਗਾ ਕਿ ਉਸ ਦਾ ਪਤੀ ਵਿਦੇਸ਼ ਗਿਆ ਹੀ ਨਹੀਂ ਸੀ। ਇਸ ਘਟਨਾ ਤੋਂ ਬਾਅਦ ਪਤੀ-ਪਤਨੀ ਵਿਚਕਾਰ ਤਣਾਅ ਵਧ ਗਿਆ ਅਤੇ ਸੁਕ੍ਰਿਤੀ ਆਪਣੇ ਪੇਕੇ ਘਰ ਰਹਿਣ ਲੱਗ ਪਈ।ਰੇਨੂ ਕਪੂਰ ਨੇ ਪੁਲਿਸ ਨੂੰ ਦੱਸਿਆ ਕਿ 22 ਨਵੰਬਰ ਨੂੰ ਉਹ ਆਪਣੇ ਪੁੱਤਰ ਅੰਕਿਤ ਨਾਲ ਕਿਸੇ ਕੰਮ ਲਈ ਘਰੋਂ ਬਾਹਰ ਗਈ ਹੋਈ ਸੀ। ਦੁਪਹਿਰ ਕਰੀਬ 1:30 ਵਜੇ ਜਦੋਂ ਦੋਵੇਂ ਵਾਪਸ ਘਰ ਪਹੁੰਚੇ ਤਾਂ ਸੁਕ੍ਰਿਤੀ ਦੀ ਹਾਲਤ ਦੇਖ ਕੇ ਉਨ੍ਹਾਂ ਦੇ ਹੋਸ਼ ਉੱਡ ਗਏ।ਪਰਿਵਾਰਕ ਮੈਂਬਰ ਤੁਰੰਤ ਉਸ ਨੂੰ ਇਲਾਜ ਲਈ ਕਪੂਰਥਲਾ ਦੇ ਟੈਗੋਰ ਹਸਪਤਾਲ ਲੈ ਕੇ ਪਹੁੰਚੇ, ਪਰ ਉੱਥੇ ਡਿਊਟੀ ‘ਤੇ ਮੌਜੂਦ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ।ਮ੍ਰਿਤਕਾ ਦੀ ਮਾਤਾ ਨੇ ਆਪਣੀ ਧੀ ਦੀ ਮੌਤ ਲਈ ਉਸ ਦੇ ਪਤੀ ਨਿਤੀਸ਼ ਕੋਹਲੀ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ।ਮਾਮਲੇ ਦੀ ਜਾਂਚ ਕਰ ਰਹੇ ਏ.ਐੱਸ.ਆਈ ਬਲਵਿੰਦਰ ਸਿੰਘ ਲੁਭਾਣਾ ਨੇ ਦੱਸਿਆ ਕਿ ਪੁਲਿਸ ਨੇ ਪਰਿਵਾਰ ਦੇ ਬਿਆਨਾਂ ਅਤੇ ਜਾਂਚ ਦੇ ਆਧਾਰ ‘ਤੇ ਮੁਲਜ਼ਮ ਨਿਤੀਸ਼ ਕੋਹਲੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ।ਉੱਧਰ, ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੀ ਜਾਂਚ ਕੀਤੀ ਜਾ ਰਹੀ ਹੈ।
SikhDiary