ਜ਼ਮੀਨੀ ਵਿਵਾਦ ਨੇ ਲਿਆ ਖ਼ੂਨੀ ਮੋੜ! ਹਾਦਸੇ ’ਚ ਦੋ ਦੋਸਤਾਂ ਦੀ ਮੌਤ
ਫਤਿਹਗੜ੍ਹ ਚੂੜੀਆਂ: ਜ਼ਮੀਨੀ ਵਿਵਾਦ ਨਾਲ ਜੁੜੇ ਮਾਮਲੇ ਵਿੱਚ ਤਹਿਸੀਲ ਤੋਂ ਵਾਪਸ ਆ ਰਹੇ ਦੋ ਦੋਸਤਾਂ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਇਹ ਹਾਦਸਾ ਫਤਿਹਗੜ੍ਹ ਚੂੜੀਆਂ-ਡੇਰਾ ਬਾਬਾ ਨਾਨਕ ਸੜਕ ’ਤੇ ਵਾਪਰਿਆ। ਮ੍ਰਿਤਕਾਂ ਦੀ ਪਛਾਣ ਪਿੰਡ ਪੰਧੇਰ ਕਲਾਂ, ਥਾਣਾ ਮਜੀਠਾ ਦੇ ਵਸਨੀਕ ਹਰਵਿੰਦਰ ਸਿੰਘ ਅਤੇ ਪ੍ਰੀਤਮ ਸਿੰਘ ਵਜੋਂ ਹੋਈ ਹੈ। ਉੱਧਰ, ਦੋਵਾਂ ਦੇ ਪਰਿਵਾਰਾਂ ਨੇ ਇਸ ਘਟਨਾ ਪਿੱਛੇ ਜ਼ਮੀਨੀ ਵਿਵਾਦ ਕਾਰਨ ਕਤਲ ਕੀਤੇ ਜਾਣ ਦਾ ਖ਼ਦਸ਼ਾ ਜਤਾਇਆ ਹੈ।ਪ੍ਰੀਤਮ ਸਿੰਘ ਦੇ ਭਤੀਜੇ ਰਾਜਬੀਰ ਸਿੰਘ ਮੁਤਾਬਕ, ਦੋਵੇਂ ਦੋਸਤ ਬੀਤੇ ਦਿਨ ਡੇਰਾ ਬਾਬਾ ਨਾਨਕ ਦੀ ਤਹਿਸੀਲ ਵਿੱਚ ਗਏ ਸਨ। ਉਨ੍ਹਾਂ ਦੱਸਿਆ ਕਿ ਹਰਵਿੰਦਰ ਸਿੰਘ ਦਾ ਪਿੰਡ ਹਰਦੋਰਵਾਲ ਵਿੱਚ 6 ਤੋਂ 7 ਕਿੱਲੇ ਜ਼ਮੀਨ ਨੂੰ ਲੈ ਕੇ ਦੂਜੀ ਧਿਰ ਨਾਲ ਵਿਵਾਦ ਚੱਲ ਰਿਹਾ ਸੀ। ਇਸ ਜ਼ਮੀਨ ਦਾ ਕਬਜ਼ਾ ਪੁਲਿਸ ਦੀ ਮਦਦ ਨਾਲ ਲੈਣ ਦੀ ਕਾਰਵਾਈ ਕੀਤੀ ਜਾਣੀ ਸੀ।ਰਾਜਬੀਰ ਸਿੰਘ ਨੇ ਦੋਸ਼ ਲਾਇਆ ਕਿ ਵਾਪਸੀ ਸਮੇਂ ਦੂਜੀ ਧਿਰ ਦੇ ਲੋਕਾਂ ਨੇ ਕਥਿਤ ਤੌਰ ’ਤੇ ਹਾਦਸੇ ਰਾਹੀਂ ਦੋਵਾਂ ਦਾ ਕਤਲ ਕਰ ਦਿੱਤਾ। ਉਸ ਨੇ ਪੁਲਿਸ ਪ੍ਰਸ਼ਾਸਨ ਤੋਂ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਅਤੇ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕੀਤੀ ਹੈ।ਇਸ ਮਾਮਲੇ ਸਬੰਧੀ ਥਾਣਾ ਡੇਰਾ ਬਾਬਾ ਨਾਨਕ ਦੇ ਐਸ.ਐਚ.ਓ ਅਸ਼ੋਕ ਕੁਮਾਰ ਨੇ ਦੱਸਿਆ ਕਿ ਦੋਵੇਂ ਵਿਅਕਤੀ ਡੇਰਾ ਬਾਬਾ ਨਾਨਕ ਤੋਂ ਫਤਿਹਗੜ੍ਹ ਚੂੜੀਆਂ ਵੱਲ ਜਾ ਰਹੇ ਸਨ, ਜਦੋਂ ਰਸਤੇ ਵਿੱਚ ਹਾਦਸਾ ਵਾਪਰ ਗਿਆ। ਇਸ ਘਟਨਾ ਵਿੱਚ ਦੋਵਾਂ ਦੀ ਮੌਤ ਹੋ ਗਈ।ਐਸ.ਐਚ.ਓ ਅਨੁਸਾਰ, ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਚਾਰ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਫਿਲਹਾਲ ਪਰਿਵਾਰ ਵੱਲੋਂ ਲਗਾਏ ਗਏ ਕਤਲ ਦੇ ਇਲਜ਼ਾਮਾਂ ਅਤੇ ਹਾਦਸੇ ਦੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
SikhDiary