ਪੰਜਾਬ ‘ਚ ਪਰਾਲੀ ਸਾੜਨ ਦੇ 5,835 ਸੈਟੇਲਾਈਟ ਅਲਰਟ
ਪਟਿਆਲਾ: ਪੰਜਾਬ ਵਿੱਚ ਝੋਨੇ ਦੀ ਪਰਾਲੀ ਸਾੜਨ ਦੀਆਂ ਘਟਨਾਵਾਂ ‘ਤੇ ਨਜ਼ਰ ਰੱਖਣ ਲਈ ਸੈਟੇਲਾਈਟ ਤਕਨੀਕ ਦੀ ਵਰਤੋਂ ਕੀਤੀ ਜਾ ਰਹੀ ਹੈ, ਪਰ ਸੈਟੇਲਾਈਟ ਤੋਂ ਮਿਲਣ ਵਾਲੇ ਅਲਰਟ ਅਤੇ ਪ੍ਰਸ਼ਾਸਨ ਵੱਲੋਂ ਕੀਤੀ ਜਾਂਦੀ ਜ਼ਮੀਨੀ ਜਾਂਚ ਦੇ ਅੰਕੜਿਆਂ ਵਿੱਚ ਵੱਡਾ ਅੰਤਰ ਸਾਹਮਣੇ ਆਇਆ ਹੈ। ਮੌਜੂਦਾ ਸੀਜ਼ਨ ਦੌਰਾਨ ਹੁਣ ਤੱਕ ਸੈਟੇਲਾਈਟ ਰਾਹੀਂ ਪਰਾਲੀ ਸਾੜਨ ਨਾਲ ਸਬੰਧਤ 5,835 ਅਲਰਟ ਮਿਲੇ ਹਨ। ਇਨ੍ਹਾਂ ਵਿੱਚੋਂ 5,539 ਮਾਮਲਿਆਂ ਦੀ ਜਾਂਚ ਮੁਕੰਮਲ ਹੋ ਚੁੱਕੀ ਹੈ, ਪਰ ਸਿਰਫ਼ 2,442 ਥਾਵਾਂ ‘ਤੇ ਹੀ ਪਰਾਲੀ ਸਾੜਨ ਦੀ ਪੁਸ਼ਟੀ ਹੋਈ ਹੈ।ਪਰਾਲੀ ਸਾੜਨ ਦੀਆਂ ਘਟਨਾਵਾਂ ਦੀ ਨਿਗਰਾਨੀ ਲਈ ਇਸਰੋ ਦੇ ਥਰਮਲ ਬੇਸਡ ਸਾਫਟਵੇਅਰ ਦੀ ਮਦਦ ਲਈ ਜਾਂਦੀ ਹੈ। ਜਦੋਂ ਕਿਸੇ ਖੇਤਰ ਵਿੱਚ ਅੱਗ ਜਾਂ ਗਰਮੀ ਦੇ ਸੰਕੇਤ ਮਿਲਦੇ ਹਨ ਤਾਂ ਸੈਟੇਲਾਈਟ ਵੱਲੋਂ ਅਲਰਟ ਜਾਰੀ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਸਬੰਧਤ ਥਾਂ ਦੀ ਜਾਣਕਾਰੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਭੇਜੀ ਜਾਂਦੀ ਹੈ ਅਤੇ ਟੀਮਾਂ ਮੌਕੇ ‘ਤੇ ਪਹੁੰਚ ਕੇ ਜਾਂਚ ਕਰਦੀਆਂ ਹਨ।ਅੰਕੜਿਆਂ ਮੁਤਾਬਕ 14 ਨਵੰਬਰ 2025 ਤੱਕ ਪੰਜਾਬ ਵਿੱਚ ਸੈਟੇਲਾਈਟ ਰਾਹੀਂ 4,838 ਮਾਮਲੇ ਦਰਜ ਕੀਤੇ ਗਏ ਸਨ। ਇਨ੍ਹਾਂ ਵਿੱਚੋਂ 4,672 ਦੀ ਜਾਂਚ ਹੋਈ ਅਤੇ 2,258 ਥਾਵਾਂ ‘ਤੇ ਪਰਾਲੀ ਸਾੜਨ ਦੀ ਪੁਸ਼ਟੀ ਕੀਤੀ ਗਈ ਸੀ। ਇਸ ਸਾਲ 14 ਨਵੰਬਰ ਤੱਕ ਸੈਟੇਲਾਈਟ ਅਲਰਟਾਂ ਦੀ ਗਿਣਤੀ ਵਧ ਕੇ 5,835 ਹੋ ਗਈ ਹੈ, ਜਦਕਿ ਪੁਸ਼ਟੀ ਕੀਤੇ ਮਾਮਲੇ 2,442 ਹਨ।ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਦੇ ਸਟਬਲ ਬਰਨਿੰਗ ਨੋਡਲ ਅਧਿਕਾਰੀ ਰਾਜੀਵ ਗੁਪਤਾ ਮੁਤਾਬਕ ਇਸਰੋ ਦੇ ਸਾਫਟਵੇਅਰ ਰਾਹੀਂ ਕਿਸੇ ਵੀ ਥਾਂ ‘ਤੇ ਗਰਮੀ ਜਾਂ ਅੱਗ ਦੇ ਸੰਕੇਤ ਮਿਲਣ ‘ਤੇ ਉਸ ਦੀ ਲੋਕੇਸ਼ਨ ਸਬੰਧਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਭੇਜੀ ਜਾਂਦੀ ਹੈ। ਇਸ ਤੋਂ ਬਾਅਦ ਪ੍ਰਸ਼ਾਸਨਿਕ ਟੀਮਾਂ ਮੌਕੇ ‘ਤੇ ਜਾ ਕੇ ਪੜਤਾਲ ਕਰਦੀਆਂ ਹਨ।ਉਨ੍ਹਾਂ ਦੱਸਿਆ ਕਿ ਕਈ ਵਾਰ ਖੇਤਾਂ ਦੀ ਬਜਾਏ ਕਿਸੇ ਹੋਰ ਥਾਂ ‘ਤੇ ਕੂੜਾ ਸਾੜਨ ਜਾਂ ਕਿਸੇ ਹੋਰ ਕਾਰਨ ਕਰਕੇ ਵੀ ਗਰਮੀ ਦੇ ਸੰਕੇਤ ਸੈਟੇਲਾਈਟ ਵਿੱਚ ਦਰਜ ਹੋ ਜਾਂਦੇ ਹਨ। ਅਜਿਹੇ ਮਾਮਲਿਆਂ ਵਿੱਚ ਵੀ ਅਲਰਟ ਜਾਰੀ ਹੋ ਸਕਦਾ ਹੈ। ਇਸ ਲਈ ਹਰ ਅਲਰਟ ਨੂੰ ਪਰਾਲੀ ਸਾੜਨ ਦੀ ਘਟਨਾ ਨਹੀਂ ਮੰਨਿਆ ਜਾ ਸਕਦਾ।ਰਾਜੀਵ ਗੁਪਤਾ ਅਨੁਸਾਰ ਮੌਕੇ ‘ਤੇ ਪਹੁੰਚਣ ਵਾਲੀਆਂ ਟੀਮਾਂ ਵੱਖ-ਵੱਖ ਸਬੂਤਾਂ ਦੇ ਆਧਾਰ ‘ਤੇ ਜਾਂਚ ਕਰਦੀਆਂ ਹਨ। ਇਸ ਤੋਂ ਬਾਅਦ ਡਿਜੀਟਲ ਐਪ ਰਾਹੀਂ ਰਿਪੋਰਟ ਅਤੇ ਲੋੜੀਂਦੇ ਦਸਤਾਵੇਜ਼ ਡਿਪਟੀ ਕਮਿਸ਼ਨਰ ਕੋਲ ਭੇਜੇ ਜਾਂਦੇ ਹਨ। ਡੀਸੀ ਵੱਲੋਂ ਤਸਦੀਕ ਕੀਤੇ ਜਾਣ ਤੋਂ ਬਾਅਦ ਹੀ ਇਹ ਫ਼ੈਸਲਾ ਹੁੰਦਾ ਹੈ ਕਿ ਅਸਲ ਵਿੱਚ ਪਰਾਲੀ ਸਾੜੀ ਗਈ ਸੀ ਜਾਂ ਅੱਗ ਦਾ ਕਾਰਨ ਕੁਝ ਹੋਰ ਸੀ।ਜੇਕਰ ਜਾਂਚ ਵਿੱਚ ਪਰਾਲੀ ਸਾੜਨ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਸਬੰਧਤ ਕਿਸਾਨ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਂਦੀ ਹੈ।ਮੌਜੂਦਾ ਅੰਕੜਿਆਂ ਤੋਂ ਸਪੱਸ਼ਟ ਹੈ ਕਿ ਸੈਟੇਲਾਈਟ ਵੱਲੋਂ ਜਾਰੀ ਕੀਤੇ ਗਏ ਅਲਰਟਾਂ ਅਤੇ ਜ਼ਮੀਨੀ ਜਾਂਚ ਵਿੱਚ ਪੁਸ਼ਟੀ ਹੋਣ ਵਾਲੀਆਂ ਘਟਨਾਵਾਂ ਦੀ ਗਿਣਤੀ ਵਿੱਚ ਕਾਫ਼ੀ ਫ਼ਰਕ ਹੈ। ਇਸ ਲਈ ਸਿਰਫ਼ ਅਲਰਟਾਂ ਦੇ ਆਧਾਰ ‘ਤੇ ਪਰਾਲੀ ਸਾੜਨ ਦੇ ਅਸਲ ਮਾਮਲਿਆਂ ਦੀ ਗਿਣਤੀ ਤੈਅ ਨਹੀਂ ਕੀਤੀ ਜਾ ਸਕਦੀ। ਜਿਨ੍ਹਾਂ ਮਾਮਲਿਆਂ ਦੀ ਜਾਂਚ ਅਜੇ ਪੂਰੀ ਨਹੀਂ ਹੋਈ, ਉਨ੍ਹਾਂ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਇਸ ਸੀਜ਼ਨ ਦੀ ਅਸਲ ਸਥਿਤੀ ਸਪੱਸ਼ਟ ਹੋਵੇਗੀ।2,442
SikhDiary