ਗੈਂਗਸਟਰ ਗੁਰਵਿੰਦਰ ਸਿੰਘ ਉਰਫ਼ ਅਫਰੀਦੀ ਇਥੋਪੀਆ ਤੋਂ ਡਿਪੋਰਟ

ਚੰਡੀਗੜ੍ਹ: ਪੰਜਾਬ ਪੁਲਿਸ ਨੇ ਗੈਂਗਸਟਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਵੱਡੀ ਸਫਲਤਾ ਹਾਸਲ ਕੀਤੀ ਹੈ। ਐਂਟੀ ਗੈਂਗਸਟਰ ਟਾਸਕ ਫੋਰਸ (AGTF) ਨੇ ਡੋਨੀ ਬੱਲ ਅਤੇ ਪ੍ਰਭ ਦਾਸੂਵਾਲ ਗੈਂਗ ਦੇ ਮੁੱਖ ਸਰਗਨਾ ਗੁਰਵਿੰਦਰ ਸਿੰਘ ਉਰਫ਼ ਅਫਰੀਦੀ ਨੂੰ ਇਥੋਪੀਆ ਤੋਂ ਡਿਪੋਰਟ ਕਰਵਾ ਕੇ ਭਾਰਤ ਲਿਆਂਦਾ ਹੈ। ਪੰਜਾਬ ਪੁਲਿਸ ਮੁਤਾਬਕ, ਕਿਸੇ ਅਫਰੀਕੀ ਦੇਸ਼ ਤੋਂ ਕਿਸੇ ਮੁਲਜ਼ਮ ਨੂੰ ਡਿਪੋਰਟ ਕਰਵਾ ਕੇ ਭਾਰਤ ਲਿਆਉਣ ਦੀ ਇਹ ਪਹਿਲੀ ਕਾਰਵਾਈ ਹੈ।ਮੁੱਢਲੀ ਜਾਂਚ ਵਿੱਚ ਅਫਰੀਦੀ ਦੀ ਪੰਜ ਅਪਰਾਧਿਕ ਮਾਮਲਿਆਂ ਵਿੱਚ ਸ਼ਮੂਲੀਅਤ ਸਾਹਮਣੇ ਆਈ ਹੈ। ਹਾਲਾਂਕਿ ਪੁਲਿਸ ਨੂੰ ਸ਼ੱਕ ਹੈ ਕਿ ਜਾਂਚ ਦੌਰਾਨ ਉਸ ਨਾਲ ਜੁੜੀਆਂ ਹੋਰ ਵਾਰਦਾਤਾਂ ਅਤੇ ਅਪਰਾਧਿਕ ਨੈੱਟਵਰਕ ਬਾਰੇ ਵੀ ਅਹਿਮ ਖੁਲਾਸੇ ਹੋ ਸਕਦੇ ਹਨ।ਪੰਜਾਬ ਦੇ ਡੀਜੀਪੀ ਗੌਰਵ ਯਾਦਵ ਅਨੁਸਾਰ, ਵਿਦੇਸ਼ ਭੱਜਣ ਲਈ ਅਫਰੀਦੀ ਨੇ ਦੋ ਪਾਸਪੋਰਟ ਬਣਵਾਏ ਸਨ। ਇਨ੍ਹਾਂ ਵਿੱਚੋਂ ਇੱਕ ਪਾਸਪੋਰਟ ਉੱਤਰ ਪ੍ਰਦੇਸ਼ ਦੇ ਪਾਸਪੋਰਟ ਦਫ਼ਤਰ ਤੋਂ ਕਥਿਤ ਤੌਰ ‘ਤੇ ਫਰਜ਼ੀ ਪਤੇ ਦੀ ਵਰਤੋਂ ਕਰਕੇ ਬਣਾਇਆ ਗਿਆ ਸੀ। ਇਸ ਤੋਂ ਇਲਾਵਾ ਉਸ ਨੇ ਮੈਕਸੀਕੋ ਦਾ ਪਾਸਪੋਰਟ ਹਾਸਲ ਕਰਕੇ ਖੁਦ ਨੂੰ ਉੱਥੋਂ ਦਾ ਨਾਗਰਿਕ ਦਿਖਾਉਣ ਦੀ ਕੋਸ਼ਿਸ਼ ਵੀ ਕੀਤੀ ਸੀ।ਪੁਲਿਸ ਦੀ ਜਾਂਚ ਮੁਤਾਬਕ, ਗੁਰਵਿੰਦਰ ਸਿੰਘ ਉਰਫ਼ ਅਫਰੀਦੀ ਪੰਜਾਬ ਵਿੱਚ ਟਾਰਗੇਟ ਕਿਲਿੰਗ, ਫਿਰੌਤੀ ਲਈ ਫਾਇਰਿੰਗ ਅਤੇ ਹੋਰ ਸੰਗਠਿਤ ਅਪਰਾਧਿਕ ਗਤੀਵਿਧੀਆਂ ਵਿੱਚ ਕਥਿਤ ਤੌਰ ‘ਤੇ ਸ਼ਾਮਲ ਸੀ। ਉਹ ਕਰੀਬ 30 ਮਾਮਲਿਆਂ ਵਿੱਚ ਪੁਲਿਸ ਨੂੰ ਲੋੜੀਂਦਾ ਸੀ। ਵਿਦੇਸ਼ ਜਾਣ ਲਈ ਉਸ ਨੇ ਵਿਜੇਂਦਰ ਸਿੰਘ ਦੇ ਨਾਂ ‘ਤੇ ਕਥਿਤ ਤੌਰ ‘ਤੇ ਫਰਜ਼ੀ ਪਛਾਣ ਤਿਆਰ ਕੀਤੀ ਅਤੇ 12 ਫਰਵਰੀ 2025 ਨੂੰ ਗੋਰਖਪੁਰ ਦੇ ਪਤੇ ‘ਤੇ ਪਾਸਪੋਰਟ ਬਣਵਾਇਆ। ਇਸੇ ਪਾਸਪੋਰਟ ਦੀ ਮਦਦ ਨਾਲ ਉਹ 31 ਮਾਰਚ 2025 ਨੂੰ ਭਾਰਤ ਤੋਂ ਫਰਾਰ ਹੋ ਗਿਆ ਸੀ।ਭਾਰਤ ਤੋਂ ਨਿਕਲਣ ਮਗਰੋਂ ਅਫਰੀਦੀ ਪਹਿਲਾਂ UAE ਪਹੁੰਚਿਆ। ਇਸ ਤੋਂ ਬਾਅਦ ਉਸ ਦੀਆਂ ਗਤੀਵਿਧੀਆਂ ਇਸਤਾਂਬੁਲ ਅਤੇ ਮੈਕਸੀਕੋ ਵਿੱਚ ਵੀ ਸਾਹਮਣੇ ਆਈਆਂ। ਵਿਦੇਸ਼ ਵਿੱਚ ਆਪਣੀ ਪਛਾਣ ਲੁਕਾਉਣ ਲਈ ਉਸ ਨੇ ਮੈਕਸੀਕੋ ਦਾ ਪਾਸਪੋਰਟ ਹਾਸਲ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਦਾ ਦਾਅਵਾ ਹੈ ਕਿ ਵਿਦੇਸ਼ ਵਿੱਚ ਰਹਿੰਦਿਆਂ ਵੀ ਉਹ ਪੰਜਾਬ ਵਿੱਚ ਆਪਣੇ ਅਪਰਾਧਿਕ ਨੈੱਟਵਰਕ ਨੂੰ ਨਿਰਦੇਸ਼ ਦੇ ਰਿਹਾ ਸੀ।ਮੁਲਜ਼ਮ ਦੇ ਫਰਜ਼ੀ ਪਾਸਪੋਰਟ ਅਤੇ ਵਿਦੇਸ਼ੀ ਯਾਤਰਾ ਨਾਲ ਜੁੜੀ ਜਾਣਕਾਰੀ ਪੰਜਾਬ ਪੁਲਿਸ ਨੇ CBI ਨਾਲ ਸਾਂਝੀ ਕੀਤੀ ਸੀ। ਉਸ ਦੀ ਭਾਲ ਲਈ ਇੰਟਰਪੋਲ ਦੀ ਮਦਦ ਲਈ ਗਈ ਅਤੇ ਰੈੱਡ ਕਾਰਨਰ ਨੋਟਿਸ ਸਮੇਤ ਕੁੱਲ ਸੱਤ ਇੰਟਰਪੋਲ ਨੋਟਿਸ ਜਾਰੀ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ।ਅਪ੍ਰੈਲ 2026 ਵਿੱਚ ਅਫਰੀਦੀ ਦੇ ਕੀਨੀਆ ਪਹੁੰਚਣ ਅਤੇ ਜੂਨ 2026 ਵਿੱਚ ਅੰਗੋਲਾ ਜਾਣ ਦੀ ਜਾਣਕਾਰੀ ਮਿਲੀ। ਇਸ ਤੋਂ ਬਾਅਦ ਉਹ ਇਥੋਪੀਆ ਪਹੁੰਚ ਗਿਆ। ਉਸ ਦੀ ਗ੍ਰਿਫ਼ਤਾਰੀ ਵਿੱਚ ਮਦਦਗਾਰ ਜਾਣਕਾਰੀ ਦੇਣ ਵਾਲੇ ਲਈ ਪੰਜਾਬ ਸਰਕਾਰ ਵੱਲੋਂ ਪੰਜ ਲੱਖ ਰੁਪਏ ਦਾ ਇਨਾਮ ਵੀ ਐਲਾਨਿਆ ਗਿਆ ਸੀ।ਪੰਜਾਬ ਪੁਲਿਸ ਦੀ AGTF ਅਤੇ ਕਾਊਂਟਰ ਇੰਟੈਲੀਜੈਂਸ ਦੀ OFTEC ਨੇ ਕੇਂਦਰੀ ਏਜੰਸੀਆਂ ਅਤੇ ਵਿਦੇਸ਼ ਮੰਤਰਾਲੇ ਦੇ ਸਹਿਯੋਗ ਨਾਲ ਕਰੀਬ 10 ਮਹੀਨਿਆਂ ਤੱਕ ‘ਆਪ੍ਰੇਸ਼ਨ ਸ਼ਹੀਦ’ ਚਲਾਇਆ। ਇਸ ਦੌਰਾਨ ਏਸ਼ੀਆ, ਦੱਖਣੀ ਅਮਰੀਕਾ ਅਤੇ ਅਫਰੀਕਾ ਦੇ ਕਈ ਦੇਸ਼ਾਂ ਵਿੱਚ ਉਸ ਦੀ ਭਾਲ ਕੀਤੀ ਗਈ। ਆਖ਼ਰਕਾਰ ਇਥੋਪੀਆ ਵਿੱਚ ਉਸ ਦੀ ਲੋਕੇਸ਼ਨ ਦਾ ਪਤਾ ਲਗਾ ਕੇ ਉਸ ਨੂੰ ਡਿਪੋਰਟ ਕਰਵਾਇਆ ਗਿਆ ਅਤੇ ਭਾਰਤ ਲਿਆਂਦਾ ਗਿਆ।ਪੰਜਾਬ ਪੁਲਿਸ ਨੇ ਇਸ ਕਾਰਵਾਈ ਵਿੱਚ ਸਹਿਯੋਗ ਦੇਣ ਲਈ ਵਿਦੇਸ਼ ਮੰਤਰਾਲੇ ਅਤੇ ਕੇਂਦਰੀ ਏਜੰਸੀਆਂ ਦਾ ਧੰਨਵਾਦ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਗੈਂਗਸਟਰਾਂ ਅਤੇ ਸੰਗਠਿਤ ਅਪਰਾਧ ਖ਼ਿਲਾਫ਼ ਮੁਹਿੰਮ ਅੱਗੇ ਵੀ ਜਾਰੀ ਰਹੇਗੀ।