ਅੰਮ੍ਰਿਤਸਰ ‘ਚ ਤੇਜ਼ ਰਫ਼ਤਾਰ ਦਾ ਕਹਿਰ, 3 ਸਾਲ ਦੀ ਬੱਚੀ ਸਮੇਤ 14 ਜ਼ਖਮੀ
ਅੰਮ੍ਰਿਤਸਰ: ਪੁਤਲੀਘਰ ਇਲਾਕੇ ਵਿੱਚ ਬੀਤੀ ਰਾਤ ਇੱਕ ਸੜਕ ਹਾਦਸੇ ਵਿੱਚ ਦੋ ਆਟੋ ਵਿੱਚ ਸਵਾਰ ਕਈ ਲੋਕ ਜ਼ਖਮੀ ਹੋ ਗਏ। ਹਾਦਸੇ ਵਿੱਚ ਕਰੀਬ 13 ਤੋਂ 14 ਲੋਕਾਂ ਦੇ ਜ਼ਖਮੀ ਹੋਣ ਦੀ ਜਾਣਕਾਰੀ ਹੈ, ਜਿਨ੍ਹਾਂ ਵਿੱਚ ਇੱਕ 3 ਸਾਲ ਦੀ ਬੱਚੀ ਵੀ ਸ਼ਾਮਲ ਹੈ। ਬੱਚੀ ਦੇ ਸਿਰ ’ਤੇ ਸੱਟ ਲੱਗੀ ਹੈ। ਸਾਰੇ ਜ਼ਖਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਪਹੁੰਚਾਇਆ ਗਿਆ।ਮੁੱਢਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਬੀਆਰਟੀਐਸ ਲਾਈਨ ਦੇ ਵਿਚਕਾਰ ਬਣੇ ਡਿਵਾਈਡਰ ਨੇੜੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਇੱਕ ਕਾਰ ਨੇ ਦੋ ਆਟੋ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਤੇਜ਼ ਸੀ ਕਿ ਆਟੋ ਵਿੱਚ ਬੈਠੇ ਯਾਤਰੀਆਂ ਨੂੰ ਸੱਟਾਂ ਲੱਗੀਆਂ। ਮੌਕੇ ’ਤੇ ਮੌਜੂਦ ਲੋਕਾਂ ਨੇ ਤੁਰੰਤ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਵਿੱਚ ਮਦਦ ਕੀਤੀ।ਜ਼ਖਮੀ ਆਟੋ ਚਾਲਕ ਨੇ ਦੱਸਿਆ ਕਿ ਦੋਵੇਂ ਆਟੋ ਵਿੱਚ ਸਵਾਰ ਲੋਕ ਵਾਘਾ ਬਾਰਡਰ ’ਤੇ ਪਰੇਡ ਦੇਖਣ ਤੋਂ ਬਾਅਦ ਆਪਣੇ ਘਰ ਵਾਪਸ ਜਾ ਰਹੇ ਸਨ। ਇਸੇ ਦੌਰਾਨ ਰਸਤੇ ਵਿੱਚ ਆਈ ਤੇਜ਼ ਰਫ਼ਤਾਰ ਕਾਰ ਨੇ ਦੋਵੇਂ ਆਟੋ ਨੂੰ ਟੱਕਰ ਮਾਰ ਦਿੱਤੀ।ਹਾਦਸੇ ਤੋਂ ਬਾਅਦ ਮੌਕੇ ’ਤੇ ਇਕੱਠੇ ਹੋਏ ਕੁਝ ਲੋਕਾਂ ਨੇ ਕਾਰ ਚਾਲਕ ’ਤੇ ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾਉਣ ਦਾ ਦੋਸ਼ ਲਗਾਇਆ ਹੈ। ਹਾਲਾਂਕਿ, ਇਸ ਦੋਸ਼ ਦੀ ਅਧਿਕਾਰਤ ਪੁਸ਼ਟੀ ਅਜੇ ਨਹੀਂ ਹੋਈ ਹੈ। ਪੁਲਿਸ ਵੱਲੋਂ ਕਾਰ ਚਾਲਕ ਅਤੇ ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਨੇ ਬੀਆਰਟੀਐਸ ਲਾਈਨ ਦੇ ਵਿਚਕਾਰ ਬਣੇ ਡਿਵਾਈਡਰ ਨੂੰ ਲੈ ਕੇ ਵੀ ਚਿੰਤਾ ਜ਼ਾਹਰ ਕੀਤੀ। ਲੋਕਾਂ ਦਾ ਕਹਿਣਾ ਹੈ ਕਿ ਇਸ ਥਾਂ ’ਤੇ ਪਹਿਲਾਂ ਵੀ ਹਾਦਸੇ ਹੋਣ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ।ਸਥਾਨਕ ਵਸਨੀਕਾਂ ਨੇ ਮੰਗ ਕੀਤੀ ਕਿ ਜੇਕਰ ਬੀਆਰਟੀਐਸ ਪ੍ਰਾਜੈਕਟ ਨੂੰ ਹਟਾਉਣ ਲਈ ਸਰਕਾਰ ਵੱਲੋਂ ਟੈਂਡਰ ਜਾਰੀ ਕੀਤਾ ਗਿਆ ਹੈ ਤਾਂ ਇਸ ਨਾਲ ਸਬੰਧਤ ਕੰਮ ਨੂੰ ਜਲਦ ਪੂਰਾ ਕੀਤਾ ਜਾਵੇ, ਤਾਂ ਜੋ ਇਲਾਕੇ ਵਿੱਚ ਆਵਾਜਾਈ ਨੂੰ ਹੋਰ ਸੁਰੱਖਿਅਤ ਬਣਾਇਆ ਜਾ ਸਕੇ।ਫਿਲਹਾਲ ਪੁਲਿਸ ਵੱਲੋਂ ਹਾਦਸੇ ਦੀ ਜਾਂਚ ਜਾਰੀ ਹੈ ਅਤੇ ਜਾਂਚ ਤੋਂ ਬਾਅਦ ਹੀ ਹਾਦਸੇ ਦੀ ਪੂਰੀ ਸਥਿਤੀ ਸਪੱਸ਼ਟ ਹੋਵੇਗੀ।
SikhDiary