ਬਡਰੁੱਖਾਂ ਦੇ ਗੁਰੂ ਘਰ ’ਚ ਵੱਡੀ ਵਾਰਦਾਤ

ਸੰਗਰੂਰ: ਸੰਗਰੂਰ ਨੇੜਲੇ ਪਿੰਡ ਬਡਰੁੱਖਾਂ ਵਿੱਚ ਬੀਤੀ ਰਾਤ ਗੁਰੂ ਘਰ ਅੰਦਰ ਲੁੱਟ ਦੀ ਵਾਰਦਾਤ ਦੌਰਾਨ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਵਿੱਚ ਗੁਰੂ ਘਰ ਦਾ ਲਾਂਗਰੀ ਜਸਵੰਤ ਸਿੰਘ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ।ਮਿਲੀ ਜਾਣਕਾਰੀ ਮੁਤਾਬਕ ਕੁਝ ਲੁਟੇਰੇ ਰਾਤ ਸਮੇਂ ਗੁਰੂ ਘਰ ਵਿੱਚ ਦਾਖ਼ਲ ਹੋਏ। ਇਸ ਦੌਰਾਨ ਉਨ੍ਹਾਂ ਵੱਲੋਂ ਗੁਰੂ ਘਰ ਦੇ ਡਾਲੀ ਵਾਲੇ ਸਿੰਘ ਅਜੈਬ ਸਿੰਘ ਨੂੰ ਮੰਜੇ ਨਾਲ ਬੰਨ੍ਹਣ ਦੀ ਕੋਸ਼ਿਸ਼ ਕੀਤੀ ਗਈ। ਅਜੈਬ ਸਿੰਘ ਵੱਲੋਂ ਵਿਰੋਧ ਕਰਨ ’ਤੇ ਰੌਲਾ ਪੈ ਗਿਆ।ਆਵਾਜ਼ ਸੁਣ ਕੇ ਨਾਲ ਦੇ ਕਮਰੇ ਵਿੱਚ ਸੁੱਤਾ ਹੋਇਆ ਗੁਰੂ ਘਰ ਦਾ ਲਾਂਗਰੀ ਜਸਵੰਤ ਸਿੰਘ ਬਾਹਰ ਆ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸੇ ਦੌਰਾਨ ਲੁਟੇਰਿਆਂ ਨੇ ਉਸ ’ਤੇ ਗੋਲੀ ਚਲਾ ਦਿੱਤੀ। ਗੋਲੀ ਜਸਵੰਤ ਸਿੰਘ ਦੀ ਛਾਤੀ ਵਿੱਚ ਲੱਗੀ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਇਲਾਜ ਲਈ ਸੰਗਰੂਰ ਦੇ ਹਸਪਤਾਲ ਲਿਜਾਇਆ ਗਿਆ।ਸੰਗਰੂਰ ਹਸਪਤਾਲ ਵਿੱਚ ਮੁੱਢਲਾ ਇਲਾਜ ਕਰਵਾਉਣ ਤੋਂ ਬਾਅਦ ਜਸਵੰਤ ਸਿੰਘ ਨੂੰ ਅੱਗੇ ਇਲਾਜ ਲਈ ਪਟਿਆਲਾ ਰੈਫਰ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ।ਘਟਨਾ ਤੋਂ ਬਾਅਦ ਇਲਾਕੇ ਵਿੱਚ ਚਿੰਤਾ ਦਾ ਮਾਹੌਲ ਹੈ। ਮਾਮਲੇ ਸਬੰਧੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਲੁਟੇਰਿਆਂ ਦੀ ਪਛਾਣ ਤੇ ਉਨ੍ਹਾਂ ਨੂੰ ਕਾਬੂ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ।