ਜਲੰਧਰ ’ਚ ATM ਤੋਂ ਪੈਸੇ ਕਢਵਾ ਰਹੇ ਵਿਅਕਤੀ ਕੋਲੋਂ 40 ਹਜ਼ਾਰ ਦੀ ਲੁੱਟ
ਜਲੰਧਰ: ਬਸਤੀ ਅੱਡਾ ਚੌਕ ਨੇੜੇ ਐਚ.ਡੀ.ਐਫ.ਸੀ ਬੈਂਕ ਦੇ ਏਟੀਐਮ ਤੋਂ ਪੈਸੇ ਕਢਵਾ ਰਹੇ ਵਿਅਕਤੀ ਕੋਲੋਂ ਦੋ ਬਾਈਕ ਸਵਾਰ ਨੌਜਵਾਨਾਂ ਵੱਲੋਂ ਕਥਿਤ ਤੌਰ ’ਤੇ 40 ਹਜ਼ਾਰ ਰੁਪਏ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਵਾਰਦਾਤ ਤੋਂ ਬਾਅਦ ਮੁਲਜ਼ਮ ਬਾਈਕ ’ਤੇ ਫਰਾਰ ਹੋਣ ਲੱਗੇ, ਪਰ ਪੀੜਤ ਨੇ ਹਿੰਮਤ ਦਿਖਾਉਂਦਿਆਂ ਪਿੱਛੇ ਬੈਠੇ ਇੱਕ ਮੁਲਜ਼ਮ ਦਾ ਹੱਥ ਫੜ ਲਿਆ। ਇਸ ਦੌਰਾਨ ਬਾਈਕ ਦਾ ਸੰਤੁਲਨ ਵਿਗੜ ਗਿਆ ਅਤੇ ਦੋਵੇਂ ਸੜਕ ’ਤੇ ਡਿੱਗ ਪਏ।ਮੌਕੇ ’ਤੇ ਮੌਜੂਦ ਲੋਕਾਂ ਨੇ ਦੋਵਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ-2 ਦੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਦੋਵਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਲਈ ਥਾਣੇ ਲੈ ਗਈ।ਰਾਮਾਮੰਡੀ ਵਾਸੀ ਗੁਰਦੇਵ ਸਿੰਘ ਮੁਤਾਬਕ ਉਹ ਬਸਤੀ ਅੱਡਾ ਚੌਕ ਸਥਿਤ ਐਚਡੀਐਫਸੀ ਬੈਂਕ ਦੇ ਏਟੀਐਮ ’ਤੇ ਪੈਸੇ ਕਢਵਾਉਣ ਗਿਆ ਸੀ। ਪਹਿਲੀ ਮਸ਼ੀਨ ਤੋਂ ਪੈਸੇ ਨਾ ਨਿਕਲਣ ’ਤੇ ਉਸ ਨੇ ਦੂਜੇ ਏਟੀਐਮ ਤੋਂ 40 ਹਜ਼ਾਰ ਰੁਪਏ ਕਢਵਾਏ।ਗੁਰਦੇਵ ਸਿੰਘ ਨੇ ਦੱਸਿਆ ਕਿ ਜਦੋਂ ਉਹ ਨਕਦੀ ਬੈਗ ਵਿੱਚ ਰੱਖ ਰਿਹਾ ਸੀ ਤਾਂ ਪਿੱਛੇ ਖੜ੍ਹੇ ਦੋ ਨੌਜਵਾਨ ਉਸ ’ਤੇ ਨਜ਼ਰ ਰੱਖ ਰਹੇ ਸਨ। ਪੈਸੇ ਬੈਗ ਵਿੱਚ ਪਾਉਂਦੇ ਸਮੇਂ ਮੁਲਜ਼ਮਾਂ ਨੇ ਕਥਿਤ ਤੌਰ ’ਤੇ ਉਸ ਕੋਲੋਂ ਨਕਦੀ ਖੋਹ ਲਈ ਅਤੇ ਬਾਈਕ ’ਤੇ ਫਰਾਰ ਹੋਣ ਲੱਗੇ।ਪੀੜਤ ਨੇ ਉਨ੍ਹਾਂ ਦਾ ਪਿੱਛਾ ਕਰਦਿਆਂ ਪਿੱਛੇ ਬੈਠੇ ਨੌਜਵਾਨ ਦਾ ਹੱਥ ਫੜ ਲਿਆ। ਬਸਤੀ ਅੱਡਾ ਚੌਕ ਨੇੜੇ ਭੀੜ ਦੇਖ ਕੇ ਬਾਈਕ ਸਵਾਰ ਘਬਰਾ ਗਏ, ਜਿਸ ਕਾਰਨ ਬਾਈਕ ਬੇਕਾਬੂ ਹੋ ਕੇ ਡਿੱਗ ਪਈ। ਇਸ ਤੋਂ ਬਾਅਦ ਲੋਕਾਂ ਨੇ ਦੋਵਾਂ ਨੂੰ ਕਾਬੂ ਕਰ ਲਿਆ।ਥਾਣਾ ਡਿਵੀਜ਼ਨ ਨੰਬਰ-2 ਦੇ ਜਾਂਚ ਅਧਿਕਾਰੀ ਏਐਸਆਈ ਜਰਮਨਜੀਤ ਸਿੰਘ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਮੁਤਾਬਕ ਉਨ੍ਹਾਂ ਦੇ ਕਬਜ਼ੇ ਵਿੱਚੋਂ ਵੱਖ-ਵੱਖ ਬੈਂਕਾਂ ਦੇ ਕਰੀਬ 15 ਏਟੀਐਮ ਕਾਰਡ ਬਰਾਮਦ ਹੋਏ ਹਨ।ਪੁਲਿਸ ਦਾ ਕਹਿਣਾ ਹੈ ਕਿ ਦੋਵਾਂ ਖ਼ਿਲਾਫ਼ ਪਹਿਲਾਂ ਵੀ ਕਈ ਮਾਮਲੇ ਦਰਜ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁੱਛਗਿੱਛ ਦੌਰਾਨ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮੁਲਜ਼ਮਾਂ ਨੇ ਇਸ ਤੋਂ ਪਹਿਲਾਂ ਹੋਰ ਕਿੰਨੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ।
SikhDiary