‘ਨਸ਼ਾ ਮੁਕਤ ਪੰਜਾਬ ਯਾਤਰਾ’ ਦਾ ਫਾਈਨਲ, ਜਲੰਧਰ ’ਚ ਅਮਿਤ ਸ਼ਾਹ ਕਰਨਗੇ ਸੰਬੋਧਨ

ਜਲੰਧਰ: ਪੰਜਾਬ ਭਾਜਪਾ ਵੱਲੋਂ ਚਲਾਈ ਜਾ ਰਹੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦਾ ਸਮਾਪਤੀ ਸਮਾਗਮ 30 ਸਤੰਬਰ ਨੂੰ ਜਲੰਧਰ ਵਿੱਚ ਹੋਵੇਗਾ। ਇਸ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਵਿਸ਼ਾਲ ਰੈਲੀ ਨੂੰ ਸੰਬੋਧਨ ਕੀਤਾ ਜਾਣਾ ਹੈ। ਇਹ ਚਾਰੋਂ ਯਾਤਰਾਵਾਂ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿੱਚੋਂ ਲੰਘਦੀਆਂ ਹੋਈਆਂ ਜਲੰਧਰ ਵਿੱਚ ਸਮਾਪਤ ਹੋਣਗੀਆਂ।ਪਾਰਟੀ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਇਹ ਮੁਹਿੰਮ 18 ਸਤੰਬਰ ਤੋਂ ਸ਼ੁਰੂ ਹੋਈ ਸੀ ਅਤੇ ਚਾਰ ਵੱਖ-ਵੱਖ ਯਾਤਰਾਵਾਂ ਰਾਹੀਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ਨੂੰ ਕਵਰ ਕੀਤਾ ਜਾ ਰਿਹਾ ਹੈ। ਇਨ੍ਹਾਂ ਯਾਤਰਾਵਾਂ ਦਾ ਕੁੱਲ ਸਫ਼ਰ ਲਗਭਗ 4,000 ਕਿਲੋਮੀਟਰ ਦੱਸਿਆ ਗਿਆ ਹੈ।ਅਮਿਤ ਸ਼ਾਹ ਦੀ ਰੈਲੀ ਲਈ ਜਲੰਧਰ-ਫਗਵਾੜਾ ਹਾਈਵੇਅ ’ਤੇ ਪਰਾਗਪੁਰ ਨੇੜੇ ਲਿੱਲੀ ਰਿਜ਼ੌਰਟਸ ਨਾਲ ਲੱਗਦੇ ਖੁੱਲ੍ਹੇ ਖੇਤਰ ਨੂੰ ਸਥਾਨ ਵਜੋਂ ਚੁਣਿਆ ਗਿਆ ਹੈ। ਰਿਪੋਰਟਾਂ ਮੁਤਾਬਕ ਇੱਥੇ ਵੱਡੇ ਪੱਧਰ ’ਤੇ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਰੈਲੀ ਲਈ ਲਗਭਗ 50 ਤੋਂ 55 ਏਕੜ ਜਗ੍ਹਾ ਦੀ ਵਰਤੋਂ ਕੀਤੀ ਜਾ ਰਹੀ ਹੈ।ਭਾਜਪਾ ਵੱਲੋਂ ਰੈਲੀ ਦੀਆਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਪਾਰਟੀ ਆਗੂਆਂ ਅਤੇ ਵਰਕਰਾਂ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਤੋਂ ਵੱਡੀ ਗਿਣਤੀ ਵਿੱਚ ਲੋਕਾਂ ਦੀ ਸ਼ਮੂਲੀਅਤ ਲਈ ਪ੍ਰਬੰਧ ਕੀਤੇ ਜਾ ਰਹੇ ਹਨ।ਇਸੇ ਦੌਰਾਨ ਭਾਜਪਾ ਕਿਸਾਨ ਮੋਰਚਾ, ਸ੍ਰੀ ਫਤਹਿਗੜ੍ਹ ਸਾਹਿਬ ਦੇ ਪ੍ਰਧਾਨ ਅਜਾਇਬ ਸਿੰਘ ਜਖਵਾਲੀ ਨੇ ਆਪਣੇ ਗ੍ਰਹਿ ਪਿੰਡ ਜਖਵਾਲੀ ਵਿਖੇ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਅਮਿਤ ਸ਼ਾਹ ਦੇ ਜਲੰਧਰ ਦੌਰੇ ਨੂੰ ਲੈ ਕੇ ਪਾਰਟੀ ਵਰਕਰਾਂ ਵਿੱਚ ਉਤਸ਼ਾਹ ਹੈ ਅਤੇ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਵੱਡੀ ਗਿਣਤੀ ਵਿੱਚ ਵਰਕਰ ਰੈਲੀ ਵਿੱਚ ਸ਼ਾਮਲ ਹੋਣ ਲਈ ਪਹੁੰਚਣਗੇ। ਉਨ੍ਹਾਂ ਕਿਹਾ ਕਿ ਦੀਦਾਰ ਸਿੰਘ ਭੱਟੀ ਦੀ ਅਗਵਾਈ ਹੇਠ ਵਰਕਰਾਂ ਨੂੰ ਜਲੰਧਰ ਲਿਜਾਣ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।‘ਨਸ਼ਾ ਮੁਕਤ ਪੰਜਾਬ ਯਾਤਰਾ’ ਰਾਹੀਂ ਭਾਜਪਾ ਵੱਲੋਂ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਸੂਬੇ ਭਰ ਵਿੱਚ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। 30 ਸਤੰਬਰ ਨੂੰ ਜਲੰਧਰ ਵਿੱਚ ਹੋਣ ਵਾਲਾ ਸਮਾਪਤੀ ਸਮਾਗਮ ਇਸ ਮੁਹਿੰਮ ਦਾ ਅੰਤਿਮ ਪੜਾਅ ਹੋਵੇਗਾ।