ਜਨਸਿਸ ਕਾਲਜ ਦੀ ਰਸੋਈ ’ਚ ਫੂਡ ਸੇਫਟੀ ਵਿਭਾਗ ਦੀ ਚੈਕਿੰਗ

ਫਿਰੋਜ਼ਪੁਰ: ਵਿਦਿਆਰਥੀਆਂ ਨੂੰ ਸੁਰੱਖਿਅਤ ਅਤੇ ਮਿਆਰੀ ਭੋਜਨ ਮੁਹੱਈਆ ਕਰਵਾਉਣ ਨੂੰ ਲੈ ਕੇ ਫੂਡ ਸੇਫਟੀ ਵਿਭਾਗ ਵੱਲੋਂ ਜਨਸਿਸ ਕਾਲਜ ਵਿੱਚ ਵਿਸ਼ੇਸ਼ ਜਾਂਚ ਕੀਤੀ ਗਈ। ਕਾਲਜ ਵਿੱਚ ਰੋਜ਼ਾਨਾ ਲਗਭਗ 400 ਤੋਂ 500 ਵਿਦਿਆਰਥੀਆਂ ਲਈ ਤਿੰਨ ਸਮੇਂ ਖਾਣਾ ਤਿਆਰ ਕੀਤਾ ਜਾਂਦਾ ਹੈ। ਚੈਕਿੰਗ ਦੌਰਾਨ ਰਸੋਈ, ਸਟੋਰੇਜ ਅਤੇ ਫੂਡ ਪ੍ਰੀਪਰੇਸ਼ਨ ਏਰੀਆ ਦੀ ਵਿਸਥਾਰ ਨਾਲ ਜਾਂਚ ਕੀਤੀ ਗਈ।ਜਾਂਚ ਟੀਮ ਨੂੰ ਰਸੋਈ ਵਿੱਚ ਵਰਤੇ ਜਾ ਰਹੇ ਕੁਝ ਸੌਸ ਅਤੇ ਮਸਾਲਿਆਂ ਦੀ ਗੁਣਵੱਤਾ ਅਤੇ ਉਨ੍ਹਾਂ ਦੇ ਸਰੋਤ ਸਬੰਧੀ ਤਸੱਲੀਬਖ਼ਸ਼ ਜਾਣਕਾਰੀ ਨਾ ਮਿਲਣ ਦੀ ਗੱਲ ਸਾਹਮਣੇ ਆਈ। ਟੀਮ ਵੱਲੋਂ ਖਾਣੇ ਵਿੱਚ ਵਰਤੀਆਂ ਜਾ ਰਹੀਆਂ ਵੱਖ-ਵੱਖ ਸਮੱਗਰੀਆਂ ਦੀ ਵੀ ਜਾਂਚ ਕੀਤੀ ਗਈ।ਚੈਕਿੰਗ ਦੌਰਾਨ ਵਿਦਿਆਰਥੀਆਂ ਨੂੰ ਮੱਖਣ ਦੇ ਨਾਮ ’ਤੇ Fat Spread ਦਿੱਤੇ ਜਾਣ ਦੀ ਗੱਲ ਸਾਹਮਣੇ ਆਈ। ਮੌਕੇ ’ਤੇ ਮੌਜੂਦ ਫੈਟ ਸਪ੍ਰੈਡ ਦਾ ਸਟਾਕ ਵਿਭਾਗੀ ਟੀਮ ਵੱਲੋਂ ਹਟਵਾ ਕੇ ਅਗਲੀ ਕਾਰਵਾਈ ਲਈ ਰੱਖਿਆ ਗਿਆ।ਇਸ ਤੋਂ ਇਲਾਵਾ ਖਾਣੇ ਨੂੰ ਆਕਰਸ਼ਕ ਰੰਗ ਦੇਣ ਲਈ ਰੰਗਾਂ ਦੀ ਵਰਤੋਂ ਸਬੰਧੀ ਵੀ ਜਾਂਚ ਕੀਤੀ ਗਈ। ਸੋਇਆਬੀਨ ਅਤੇ ਸਬਜ਼ੀਆਂ ਵਿੱਚ ਰੰਗ ਮਿਲਾਏ ਜਾਣ ਦੀ ਜਾਣਕਾਰੀ ਮਿਲਣ ’ਤੇ ਅਜਿਹੀ ਸਮੱਗਰੀ ਨੂੰ ਮੌਕੇ ਤੋਂ ਹਟਾਇਆ ਗਿਆ।ਫੂਡ ਸੇਫਟੀ ਟੀਮ ਵੱਲੋਂ ਰਸੋਈ ਅਤੇ ਸਟੋਰੇਜ ਏਰੀਏ ਦੀ ਸਫ਼ਾਈ ਦੀ ਵੀ ਜਾਂਚ ਕੀਤੀ ਗਈ। ਵਿਦਿਆਰਥੀਆਂ ਵੱਲੋਂ ਟੀਮ ਨੂੰ ਕੁਝ ਤਸਵੀਰਾਂ ਮੁਹੱਈਆ ਕਰਵਾਈਆਂ ਗਈਆਂ, ਜਿਨ੍ਹਾਂ ਵਿੱਚ ਚੂਹਿਆਂ ਅਤੇ ਕਾਕਰੋਚਾਂ ਨਾਲ ਸਬੰਧਤ ਦ੍ਰਿਸ਼ ਹੋਣ ਦੀ ਗੱਲ ਦੱਸੀ ਗਈ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਟੀਮ ਨੇ ਮੌਕੇ ਦੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਪ੍ਰਬੰਧਨ ਨੂੰ ਲੋੜੀਂਦੇ ਸੁਧਾਰ ਕਰਨ ਦੇ ਨਿਰਦੇਸ਼ ਦਿੱਤੇ।ਵਿਦਿਆਰਥੀਆਂ ਵੱਲੋਂ ਪੀਣ ਵਾਲੇ ਪਾਣੀ ਦੀ ਗੁਣਵੱਤਾ ਸਬੰਧੀ ਵੀ ਚਿੰਤਾ ਜ਼ਾਹਰ ਕੀਤੀ ਗਈ। ਇਸ ਤੋਂ ਬਾਅਦ ਫੂਡ ਸੇਫਟੀ ਵਿਭਾਗ ਨੇ ਪਾਣੀ ਦੇ ਸੈਂਪਲ ਲੈ ਕੇ ਜਾਂਚ ਲਈ ਭੇਜਣ ਦੀ ਪ੍ਰਕਿਰਿਆ ਸ਼ੁਰੂ ਕੀਤੀ। ਰਿਪੋਰਟ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।ਜਾਂਚ ਦੌਰਾਨ ਕੁਝ ਫੂਡ ਹੈਂਡਲਰਾਂ ਵੱਲੋਂ ਲੋੜੀਂਦੇ ਸੁਰੱਖਿਆ ਕੱਪੜੇ, ਦਸਤਾਨੇ ਅਤੇ ਹੋਰ ਨਿੱਜੀ ਸਫ਼ਾਈ ਦੇ ਨਿਯਮਾਂ ਦੀ ਪੂਰੀ ਪਾਲਣਾ ਨਾ ਕੀਤੇ ਜਾਣ ਦੀ ਗੱਲ ਵੀ ਸਾਹਮਣੇ ਆਈ। ਇੱਕ ਵਰਕਰ ਕੋਲ ਤੰਬਾਕੂ ਉਤਪਾਦ ਮਿਲਣ ਸਬੰਧੀ ਵੀ ਮੌਕੇ ’ਤੇ ਕਾਰਵਾਈ ਕੀਤੀ ਗਈ। ਵਿਭਾਗ ਨੇ ਫੂਡ ਹੈਂਡਲਰਾਂ ਨੂੰ ਸਫ਼ਾਈ ਅਤੇ ਸਿਹਤ ਸੁਰੱਖਿਆ ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਕਿਹਾ।ਫੂਡ ਸੇਫਟੀ ਟੀਮ ਨੇ ਕੁਝ ਵਿਦਿਆਰਥੀਆਂ ਨਾਲ ਗੱਲਬਾਤ ਕਰਕੇ ਕਾਲਜ ਵਿੱਚ ਮਿਲ ਰਹੇ ਖਾਣੇ ਦੀ ਗੁਣਵੱਤਾ ਬਾਰੇ ਫੀਡਬੈਕ ਵੀ ਲਿਆ। ਕੁਝ ਵਿਦਿਆਰਥੀਆਂ ਨੇ ਭੋਜਨ ਦੀ ਗੁਣਵੱਤਾ ਸਬੰਧੀ ਅਸੰਤੁਸ਼ਟੀ ਪ੍ਰਗਟ ਕੀਤੀ। ਇਸ ਤੋਂ ਬਾਅਦ ਵਿਭਾਗ ਵੱਲੋਂ ਕਾਲਜ ਪ੍ਰਬੰਧਨ ਨੂੰ ਭੋਜਨ ਦੀ ਗੁਣਵੱਤਾ ਅਤੇ ਸਫ਼ਾਈ ਵਿੱਚ ਸੁਧਾਰ ਕਰਨ ਲਈ ਹਦਾਇਤਾਂ ਦਿੱਤੀਆਂ ਗਈਆਂ।ਚੈਕਿੰਗ ਦੌਰਾਨ ਮਿਲੀਆਂ ਕਮੀਆਂ ਦੇ ਮੱਦੇਨਜ਼ਰ ਫੂਡ ਸੇਫਟੀ ਵਿਭਾਗ ਵੱਲੋਂ ਕਾਲਜ ਪ੍ਰਬੰਧਨ ਨੂੰ Improvement Notice ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਲਏ ਗਏ ਸੈਂਪਲਾਂ ਦੀ ਜਾਂਚ ਰਿਪੋਰਟ ਆਉਣ ਤੋਂ ਬਾਅਦ ਜੇਕਰ ਨਿਯਮਾਂ ਦੀ ਉਲੰਘਣਾ ਸਾਹਮਣੇ ਆਉਂਦੀ ਹੈ ਤਾਂ ਸਬੰਧਤ ਕਾਨੂੰਨੀ ਪ੍ਰਬੰਧਾਂ ਤਹਿਤ ਅਗਲੀ ਕਾਰਵਾਈ ਕੀਤੀ ਜਾਵੇਗੀ।ਵਿਭਾਗ ਨੇ ਸਪਸ਼ਟ ਕੀਤਾ ਕਿ ਸਕੂਲਾਂ, ਕਾਲਜਾਂ, ਹੋਸਟਲਾਂ ਅਤੇ ਹੋਰ ਵਿਦਿਅਕ ਸੰਸਥਾਵਾਂ ਵਿੱਚ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਭੋਜਨ ਦੀ ਸਫ਼ਾਈ, ਗੁਣਵੱਤਾ ਅਤੇ ਸੁਰੱਖਿਆ ਨਾਲ ਕੋਈ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸੰਸਥਾਵਾਂ ਨੂੰ ਫੂਡ ਸੇਫਟੀ ਨਾਲ ਸਬੰਧਤ ਸਾਰੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣੀ ਹੋਵੇਗੀ।