ਝੰਡੇਰ ’ਚ ਦੋ ਦਿਨਾਂ ਤੋਂ ਲਾਪਤਾ ਵਿਅਕਤੀ ਦੀ ਮਿਲੀ ਲਾਸ਼
ਅਜਨਾਲਾ: ਅਜਨਾਲਾ ਦੇ ਪਿੰਡ ਝੰਡੇਰ ਤੋਂ ਇੱਕ ਵਿਅਕਤੀ ਦੇ ਲਾਪਤਾ ਹੋਣ ਤੋਂ ਬਾਅਦ ਉਸ ਦੀ ਲਾਸ਼ ਨਹਿਰ ਵਿੱਚੋਂ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਦਿਲਬਾਗ ਸਿੰਘ ਬਾਗੇ ਵਜੋਂ ਹੋਈ ਹੈ। ਉਹ ਪਿਛਲੇ ਕਰੀਬ ਦੋ ਦਿਨਾਂ ਤੋਂ ਲਾਪਤਾ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਅਜਨਾਲਾ ਭੇਜ ਦਿੱਤਾ ਹੈ।ਜਾਣਕਾਰੀ ਅਨੁਸਾਰ ਦਿਲਬਾਗ ਸਿੰਘ ਕੁਝ ਦਿਨ ਪਹਿਲਾਂ ਘਰੋਂ ਬਾਹਰ ਗਿਆ ਸੀ, ਪਰ ਇਸ ਤੋਂ ਬਾਅਦ ਵਾਪਸ ਨਹੀਂ ਆਇਆ। ਪਰਿਵਾਰਕ ਮੈਂਬਰਾਂ ਵੱਲੋਂ ਆਪਣੇ ਪੱਧਰ ’ਤੇ ਕਾਫੀ ਭਾਲ ਕਰਨ ਤੋਂ ਬਾਅਦ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ। ਸ਼ਿਕਾਇਤ ਮਿਲਣ ਉਪਰੰਤ ਪੁਲਿਸ ਨੇ ਲਾਪਤਾ ਵਿਅਕਤੀ ਦੀ ਭਾਲ ਸ਼ੁਰੂ ਕਰ ਦਿੱਤੀ।ਭਾਲ ਦੌਰਾਨ ਪੁਲਿਸ ਨੂੰ ਨਹਿਰ ਦੇ ਕੰਢੇ ਤੋਂ ਦਿਲਬਾਗ ਸਿੰਘ ਦੀ ਚੱਪਲ ਮਿਲੀ। ਇਸ ਤੋਂ ਬਾਅਦ ਪੁਲਿਸ ਵੱਲੋਂ ਨਹਿਰ ਦਾ ਪਾਣੀ ਬੰਦ ਕਰਵਾ ਕੇ ਆਸ-ਪਾਸ ਦੇ ਇਲਾਕੇ ਵਿੱਚ ਭਾਲ ਤੇਜ਼ ਕੀਤੀ ਗਈ। ਇਸ ਦੌਰਾਨ ਇੱਕ ਛੋਟੀ ਨਹਿਰ ਵਿੱਚੋਂ ਦਿਲਬਾਗ ਸਿੰਘ ਦੀ ਲਾਸ਼ ਬਰਾਮਦ ਕਰ ਲਈ ਗਈ।ਮ੍ਰਿਤਕ ਦੇ ਜੀਜਾ ਲਖਵਿੰਦਰ ਸਿੰਘ ਨੇ ਦੱਸਿਆ ਕਿ ਸ਼ੰਮੀ ਨਾਮਕ ਵਿਅਕਤੀ, ਜੋ ਪਿੰਡ ਝੰਡੇਰ ਦਾ ਹੀ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ, ਦਿਲਬਾਗ ਸਿੰਘ ਨੂੰ ਮੋਟਰਸਾਈਕਲ ’ਤੇ ਆਪਣੇ ਨਾਲ ਲੈ ਕੇ ਗਿਆ ਸੀ। ਪਰਿਵਾਰ ਵੱਲੋਂ ਸ਼ੱਕ ਜਤਾਇਆ ਗਿਆ ਹੈ ਕਿ ਦਿਲਬਾਗ ਸਿੰਘ ਨੂੰ ਕੋਈ ਜ਼ਹਿਰੀਲੀ ਚੀਜ਼ ਦਿੱਤੀ ਗਈ ਹੋ ਸਕਦੀ ਹੈ।ਪਰਿਵਾਰ ਨੇ ਪੁਲਿਸ ਅਤੇ ਪ੍ਰਸ਼ਾਸਨ ਤੋਂ ਮਾਮਲੇ ਦੀ ਨਿਰਪੱਖ ਅਤੇ ਡੂੰਘਾਈ ਨਾਲ ਜਾਂਚ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਜਾਂਚ ਦੌਰਾਨ ਕਿਸੇ ਦੀ ਭੂਮਿਕਾ ਸਾਹਮਣੇ ਆਉਂਦੀ ਹੈ ਤਾਂ ਉਸ ਖ਼ਿਲਾਫ਼ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇ।ਪੁਲਿਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਦਿਲਬਾਗ ਸਿੰਘ ਦੇ ਲਾਪਤਾ ਹੋਣ ਸਬੰਧੀ ਲਿਖਤੀ ਸ਼ਿਕਾਇਤ ਮਿਲਣ ਤੋਂ ਬਾਅਦ ਉਸ ਦੀ ਭਾਲ ਕੀਤੀ ਜਾ ਰਹੀ ਸੀ। ਨਹਿਰ ਦੇ ਕੰਢੇ ਤੋਂ ਚੱਪਲ ਮਿਲਣ ਉਪਰੰਤ ਪਾਣੀ ਬੰਦ ਕਰਵਾਇਆ ਗਿਆ ਅਤੇ ਸਰਚ ਦੌਰਾਨ ਲਾਸ਼ ਬਰਾਮਦ ਹੋਈ।ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਅਜਨਾਲਾ ਭੇਜ ਦਿੱਤਾ ਹੈ। ਅਧਿਕਾਰੀ ਮੁਤਾਬਕ ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਰਿਪੋਰਟ ਆਉਣ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਹੋਣ ਤੋਂ ਬਾਅਦ ਲੱਗੇਗਾ। ਇਸ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
SikhDiary