ਗੁਰਦੁਆਰਾ ਮੰਜੀ ਸਾਹਿਬ ਫਾਇਰਿੰਗ ਮਾਮਲੇ ’ਚ ਵੱਡੀ ਕਾਮਯਾਬੀ
ਲੁਧਿਆਣਾ: ਲੁਧਿਆਣਾ ਦੇਹਾਤ ਪੁਲਿਸ ਨੇ ਪਿੰਡ ਰਾਜੋਆਣਾ ਕਲਾਂ ਸਥਿਤ ਗੁਰਦੁਆਰਾ ਮੰਜੀ ਸਾਹਿਬ ਵਿਖੇ ਹੋਈ ਫਾਇਰਿੰਗ ਦੇ ਮਾਮਲੇ ਵਿੱਚ ਮੁੱਖ ਸ਼ੂਟਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਰਾਜ ਸਿੰਘ ਉਰਫ਼ ਰਾਜੂ ਵਾਸੀ ਨੂਰਪੁਰ, ਮਾਛੀਵਾੜਾ, ਜ਼ਿਲ੍ਹਾ ਫਿਰੋਜ਼ਪੁਰ ਵਜੋਂ ਹੋਈ ਹੈ। ਪੁਲਿਸ ਹੁਣ ਵਾਰਦਾਤ ਵਿੱਚ ਸ਼ਾਮਲ ਦੂਜੇ ਮੁਲਜ਼ਮ ਦੀ ਭਾਲ ਕਰ ਰਹੀ ਹੈ।ਪੁਲਿਸ ਨੇ ਸੀ.ਸੀ.ਟੀ.ਵੀ ਫੁਟੇਜ ਦੀ ਜਾਂਚ, ਤਕਨੀਕੀ ਸਬੂਤਾਂ ਅਤੇ ਮਨੁੱਖੀ ਸੂਚਨਾਵਾਂ ਦੇ ਆਧਾਰ ’ਤੇ ਮੁੱਖ ਸ਼ੂਟਰ ਤੱਕ ਪਹੁੰਚਣ ਵਿੱਚ ਸਫ਼ਲਤਾ ਹਾਸਲ ਕੀਤੀ। ਇਸ ਮਾਮਲੇ ਦੀ ਜਾਂਚ ਲੁਧਿਆਣਾ ਦੇਹਾਤ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਦੀਆਂ ਟੀਮਾਂ ਵੱਲੋਂ ਸਾਂਝੇ ਤੌਰ ’ਤੇ ਕੀਤੀ ਜਾ ਰਹੀ ਸੀ।ਜਾਣਕਾਰੀ ਮੁਤਾਬਕ, 28 ਅਕਤੂਬਰ ਨੂੰ ਸਵੇਰੇ ਕਰੀਬ 3:10 ਵਜੇ ਦੋ ਨਕਾਬਪੋਸ਼ ਵਿਅਕਤੀ ਮੋਟਰਸਾਈਕਲ ’ਤੇ ਸਵਾਰ ਹੋ ਕੇ ਗੁਰਦੁਆਰਾ ਮੰਜੀ ਸਾਹਿਬ ਦੇ ਕੰਪਲੈਕਸ ਵਿੱਚ ਦਾਖ਼ਲ ਹੋਏ ਸਨ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਮੌਕੇ ਤੋਂ ਫ਼ਰਾਰ ਹੋ ਗਏ ਸਨ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ।ਮੁੱਢਲੀ ਜਾਣਕਾਰੀ ਅਨੁਸਾਰ, ਦੋਵੇਂ ਮੁਲਜ਼ਮ ਪਲੈਟੀਨਾ ਮੋਟਰਸਾਈਕਲ ’ਤੇ ਗੁਰਦੁਆਰਾ ਸਾਹਿਬ ਪਹੁੰਚੇ ਸਨ। ਉਨ੍ਹਾਂ ਨੇ ਮੋਟਰਸਾਈਕਲ ਦੀ ਨੰਬਰ ਪਲੇਟ ਲੁਕਾਈ ਹੋਈ ਸੀ ਅਤੇ ਆਪਣੇ ਚਿਹਰੇ ਕੱਪੜਿਆਂ ਨਾਲ ਢੱਕੇ ਹੋਏ ਸਨ।ਇਨ੍ਹਾਂ ਵਿੱਚੋਂ ਇੱਕ ਵਿਅਕਤੀ ਗੁਰਦੁਆਰਾ ਸਾਹਿਬ ਦੇ ਅੰਦਰ ਗਿਆ। ਉਸ ਨੇ ਪਹਿਲਾਂ ਮੱਥਾ ਟੇਕਿਆ ਅਤੇ ਨਿਸ਼ਾਨ ਸਾਹਿਬ ਦੀ ਪਰਿਕਰਮਾ ਕੀਤੀ। ਇਸ ਤੋਂ ਬਾਅਦ ਉਸ ਨੇ ਬਾਬਾ ਬਲਦੇਵ ਸਿੰਘ ਦੇ ਕਮਰੇ ਵੱਲ ਗੋਲੀ ਚਲਾ ਦਿੱਤੀ। ਗੋਲੀ ਕਮਰੇ ਦੇ ਦਰਵਾਜ਼ੇ ਅਤੇ ਕੰਧ ’ਤੇ ਲੱਗੀ।ਰਾਹਤ ਦੀ ਗੱਲ ਇਹ ਰਹੀ ਕਿ ਫਾਇਰਿੰਗ ਸਮੇਂ ਬਾਬਾ ਬਲਦੇਵ ਸਿੰਘ ਆਪਣੇ ਕਮਰੇ ਵਿੱਚ ਮੌਜੂਦ ਨਹੀਂ ਸਨ। ਉਹ ਉਸ ਸਮੇਂ ਇਸ਼ਨਾਨ ਕਰਨ ਗਏ ਹੋਏ ਸਨ।ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਟੀਮਾਂ ਨੇ ਘਟਨਾ ਸਥਾਨ ਤੋਂ ਲੈ ਕੇ ਮੁਲਜ਼ਮਾਂ ਦੇ ਆਉਣ-ਜਾਣ ਵਾਲੇ ਰਸਤੇ ’ਤੇ ਕਰੀਬ 200 ਕਿਲੋਮੀਟਰ ਦੇ ਦਾਇਰੇ ਵਿੱਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ। ਇਸ ਦੇ ਨਾਲ ਤਕਨੀਕੀ ਸਬੂਤਾਂ ਅਤੇ ਮਨੁੱਖੀ ਸੂਚਨਾਵਾਂ ਦੀ ਵੀ ਮਦਦ ਲਈ ਗਈ।ਇਸ ਜਾਂਚ ਦੇ ਆਧਾਰ ’ਤੇ ਪੁਲਿਸ ਨੇ ਰਾਜ ਸਿੰਘ ਉਰਫ਼ ਰਾਜੂ ਨੂੰ ਗ੍ਰਿਫ਼ਤਾਰ ਕਰ ਲਿਆ। ਹਾਲਾਂਕਿ, ਵਾਰਦਾਤ ਵਿੱਚ ਸ਼ਾਮਲ ਦੂਜੇ ਸ਼ੂਟਰ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ ਅਤੇ ਉਸ ਦੀ ਭਾਲ ਲਈ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।ਪੁਲਿਸ ਦੀ ਮੁੱਢਲੀ ਜਾਂਚ ਅਤੇ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਨੂੰ ਪਹਿਲਾਂ ਧਮਕੀਆਂ ਮਿਲ ਰਹੀਆਂ ਸਨ। ਪੁਲਿਸ ਇਸ ਫਾਇਰਿੰਗ ਦੀ ਘਟਨਾ ਨੂੰ ਉਨ੍ਹਾਂ ਧਮਕੀਆਂ ਨਾਲ ਜੋੜ ਕੇ ਵੀ ਜਾਂਚ ਕਰ ਰਹੀ ਹੈ।ਫਿਲਹਾਲ ਗ੍ਰਿਫ਼ਤਾਰ ਮੁਲਜ਼ਮ ਤੋਂ ਪੁੱਛਗਿੱਛ ਜਾਰੀ ਹੈ। ਪੁਲਿਸ ਵੱਲੋਂ ਦੂਜੇ ਸ਼ੂਟਰ ਦੀ ਭਾਲ ਦੇ ਨਾਲ-ਨਾਲ ਵਾਰਦਾਤ ਦੇ ਪਿੱਛੇ ਦੇ ਕਾਰਨਾਂ ਅਤੇ ਹੋਰ ਸੰਭਾਵਿਤ ਸ਼ਮੂਲੀਅਤ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
SikhDiary