ਖਰੜ ’ਚ ਦਿਲ ਦਹਿਲਾਉਣ ਵਾਲੀ ਵਾਰਦਾਤ
ਖਰੜ: ਪੰਜਾਬ ਦੇ ਖਰੜ ਨੇੜਲੇ ਪਿੰਡ ਮਾਮੂਪੁਰ ਵਿੱਚ ਇੱਕ ਰੂਹ ਕੰਬਾਊ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਵਿਅਕਤੀ ਨੇ ਆਪਣੀ ਹੀ ਭਾਬੀ ’ਤੇ ਕੁਹਾੜੀ ਨਾਲ ਹਮਲਾ ਕਰਕੇ ਉਸ ਦੀ ਜਾਨ ਲੈ ਲਈ। ਮ੍ਰਿਤਕ ਔਰਤ ਦੀ ਪਛਾਣ ਕਰਨੈਲ ਕੌਰ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਸਹਿਮ ਦਾ ਮਾਹੌਲ ਹੈ। ਘੜੂੰਆਂ ਪੁਲਿਸ ਨੇ ਮੁਲਜ਼ਮ ਮੋਹਕਮ ਸਿੰਘ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਮ੍ਰਿਤਕਾ ਦੇ ਪੁੱਤਰ ਹਰਤੇਜ ਸਿੰਘ ਵੱਲੋਂ ਪੁਲਿਸ ਨੂੰ ਦਿੱਤੇ ਬਿਆਨਾਂ ਅਨੁਸਾਰ, 29 ਅਕਤੂਬਰ ਦੀ ਰਾਤ ਪਰਿਵਾਰ ਦੇ ਸਾਰੇ ਮੈਂਬਰ ਖਾਣਾ ਖਾਣ ਤੋਂ ਬਾਅਦ ਆਪਣੇ-ਆਪਣੇ ਕਮਰਿਆਂ ਵਿੱਚ ਸੌਣ ਚਲੇ ਗਏ ਸਨ। ਇਸ ਦੌਰਾਨ ਉਸ ਦਾ ਚਾਚਾ ਮੋਹਕਮ ਸਿੰਘ ਘਰ ਦੇ ਨੇੜੇ ਬਣੇ ਸ਼ੈੱਡ ਵਿੱਚ ਪਸ਼ੂਆਂ ਵਾਲੇ ਕਮਰੇ ਵਿੱਚ ਸੌਂ ਰਿਹਾ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦਾ ਚਾਚਾ ਮਾਨਸਿਕ ਤੌਰ ’ਤੇ ਪਰੇਸ਼ਾਨ ਰਹਿੰਦਾ ਹੈ ਅਤੇ ਉਸ ਦਾ ਇਲਾਜ ਵੀ ਚੱਲ ਰਿਹਾ ਹੈ।ਹਰਤੇਜ ਸਿੰਘ ਮੁਤਾਬਕ, ਰਾਤ ਕਰੀਬ 2 ਵਜੇ ਮੋਹਕਮ ਸਿੰਘ ਕੁਹਾੜੀ ਲੈ ਕੇ ਉਨ੍ਹਾਂ ਦੇ ਘਰ ਆ ਗਿਆ ਅਤੇ ਦਰਵਾਜ਼ਿਆਂ ’ਤੇ ਵਾਰ ਕਰਨ ਲੱਗ ਪਿਆ। ਅਚਾਨਕ ਹੋਏ ਇਸ ਹਮਲੇ ਕਾਰਨ ਪਰਿਵਾਰ ਦੇ ਮੈਂਬਰ ਡਰ ਗਏ ਅਤੇ ਕੋਈ ਵੀ ਕਮਰੇ ਤੋਂ ਬਾਹਰ ਆਉਣ ਦੀ ਹਿੰਮਤ ਨਹੀਂ ਕਰ ਸਕਿਆ।ਇਸੇ ਦੌਰਾਨ ਜਦੋਂ ਕਰਨੈਲ ਕੌਰ ਨੇ ਦਰਵਾਜ਼ਾ ਖੋਲ੍ਹਿਆ ਤਾਂ ਮੁਲਜ਼ਮ ਨੇ ਕੁਹਾੜੀ ਦੇ ਪਿਛਲੇ ਹਿੱਸੇ ਨਾਲ ਉਸ ਦੇ ਸਿਰ ’ਤੇ ਕਈ ਵਾਰ ਕਰ ਦਿੱਤੇ। ਹਮਲੇ ਵਿੱਚ ਗੰਭੀਰ ਸੱਟਾਂ ਲੱਗਣ ਕਾਰਨ ਉਹ ਜ਼ਮੀਨ ’ਤੇ ਡਿੱਗ ਪਈ।ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰ ਮੌਕੇ ’ਤੇ ਪਹੁੰਚੇ ਅਤੇ ਮੁਲਜ਼ਮ ਨੂੰ ਕਾਬੂ ਕਰਕੇ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ। ਪਰ ਉਦੋਂ ਤੱਕ ਕਰਨੈਲ ਕੌਰ ਦੀ ਮੌਤ ਹੋ ਚੁੱਕੀ ਸੀ।ਸੂਚਨਾ ਮਿਲਣ ’ਤੇ ਘੜੂੰਆਂ ਪੁਲਿਸ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਮ੍ਰਿਤਕਾ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।
SikhDiary