ਪੰਜਾਬ ਕੈਬਨਿਟ ਦੀ 31 ਅਕਤੂਬਰ ਨੂੰ ਅਹਿਮ ਮੀਟਿੰਗ

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ 31 ਅਕਤੂਬਰ ਨੂੰ ਕੈਬਨਿਟ ਦੀ ਅਹਿਮ ਮੀਟਿੰਗ ਸੱਦੀ ਗਈ ਹੈ। ਜਾਰੀ ਅਧਿਕਾਰਤ ਪੱਤਰ ਮੁਤਾਬਕ, ਮੀਟਿੰਗ ਦੁਪਹਿਰ 12 ਵਜੇ ਚੰਡੀਗੜ੍ਹ ਦੇ ਸੈਕਟਰ-2 ਸਥਿਤ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਹੋਵੇਗੀ। ਇਸ ਦੀ ਪ੍ਰਧਾਨਗੀ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ।ਮੀਟਿੰਗ ਸਬੰਧੀ ਮੁੱਖ ਸਕੱਤਰ ਸਮੇਤ ਹੋਰ ਸਬੰਧਤ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਹਾਲਾਂਕਿ, ਮੀਟਿੰਗ ਦਾ ਵਿਸਥਾਰਪੂਰਵਕ ਏਜੰਡਾ ਅਜੇ ਜਾਰੀ ਨਹੀਂ ਕੀਤਾ ਗਿਆ। ਇਸ ਲਈ ਇਹ ਸਪੱਸ਼ਟ ਨਹੀਂ ਹੋਇਆ ਕਿ ਕਿਹੜੇ ਮੁੱਦਿਆਂ ’ਤੇ ਚਰਚਾ ਹੋਵੇਗੀ ਅਤੇ ਕਿਹੜੇ ਅਹਿਮ ਫ਼ੈਸਲੇ ਲਏ ਜਾ ਸਕਦੇ ਹਨ।ਸਰਕਾਰ ਵੱਲੋਂ ਕੈਬਨਿਟ ਮੀਟਿੰਗ ਦਾ ਏਜੰਡਾ ਬਾਅਦ ਵਿੱਚ ਜਾਰੀ ਕੀਤਾ ਜਾਵੇਗਾ। ਇਸ ਤੋਂ ਬਾਅਦ ਹੀ ਮੀਟਿੰਗ ਵਿੱਚ ਵਿਚਾਰੇ ਜਾਣ ਵਾਲੇ ਪ੍ਰਸਤਾਵਾਂ ਅਤੇ ਸੰਭਾਵਿਤ ਫ਼ੈਸਲਿਆਂ ਬਾਰੇ ਸਪੱਸ਼ਟ ਜਾਣਕਾਰੀ ਮਿਲੇਗੀ।ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ 22 ਤੋਂ 27 ਅਕਤੂਬਰ ਤੱਕ ਚੱਲਿਆ ਸੀ। ਸੈਸ਼ਨ ਦੇ ਆਖਰੀ ਦਿਨ ਸਦਨ ਵਿੱਚ ਦਰਿਆਈ ਪਾਣੀਆਂ, ਸਿੰਜਾਈ ਪ੍ਰਬੰਧਾਂ, ਲੋਕ ਭਲਾਈ ਸਕੀਮਾਂ ਅਤੇ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਮੁੜ ਖੋਲ੍ਹਣ ਸਮੇਤ ਵੱਖ-ਵੱਖ ਮੁੱਦਿਆਂ ’ਤੇ ਅੱਠ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ ਸਨ।ਹੁਣ 31 ਅਕਤੂਬਰ ਨੂੰ ਹੋਣ ਵਾਲੀ ਕੈਬਨਿਟ ਮੀਟਿੰਗ ਦੇ ਏਜੰਡੇ ’ਤੇ ਨਜ਼ਰ ਰਹੇਗੀ। ਏਜੰਡਾ ਜਾਰੀ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਸਰਕਾਰ ਕਿਹੜੇ ਨਵੇਂ ਪ੍ਰਸਤਾਵਾਂ ’ਤੇ ਵਿਚਾਰ ਕਰਦੀ ਹੈ।