ਪਰਵਿੰਦਰ ਝੋਟਾ ਨੂੰ ਇਨਸਾਫ਼ ਲਈ ਅੱਜ ਪੰਜਾਬ ਭਰ ‘ਚ ਪ੍ਰਦਰਸ਼ਨ
ਮਾਨਸਾ: ਪਰਵਿੰਦਰ ਸਿੰਘ ਝੋਟਾ ਦੀ ਮੌਤ ਦੇ ਮਾਮਲੇ ਵਿੱਚ 13ਵੇਂ ਦਿਨ ਵੀ ਪੋਸਟਮਾਰਟਮ ਅਤੇ ਸਸਕਾਰ ਨੂੰ ਲੈ ਕੇ ਸਹਿਮਤੀ ਨਹੀਂ ਬਣ ਸਕੀ। ਇਸ ਦੌਰਾਨ ਸੰਘਰਸ਼ ਕਮੇਟੀ ਅਤੇ ਵਿਸ਼ੇਸ਼ ਜਾਂਚ ਟੀਮ (SIT) ਵਿਚਕਾਰ ਅੱਜ ਮੁੜ ਮੀਟਿੰਗ ਹੋਣ ਦੀ ਸੰਭਾਵਨਾ ਹੈ। ਉੱਧਰ, ਪਰਵਿੰਦਰ ਝੋਟਾ ਇਨਸਾਫ਼ ਕਮੇਟੀ ਨੇ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕਰਦਿਆਂ ਅੱਜ ਪੰਜਾਬ ਭਰ ਵਿੱਚ ਪ੍ਰਦਰਸ਼ਨ ਕਰਨ ਦੀ ਗੱਲ ਕਹੀ ਹੈ।ਮਾਨਸਾ ਵਿੱਚ ਲੱਗੇ ਧਰਨੇ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਜਦੋਂ ਤੱਕ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਦਾ, ਉਦੋਂ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਨੇ ਮਾਮਲੇ ਦੀ CBI ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਸਾਰੇ ਪਹਿਲੂਆਂ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।ਬੁਲਾਰਿਆਂ ਨੇ ਇਹ ਵੀ ਕਿਹਾ ਕਿ ਸਰਕਾਰ ਵੱਲੋਂ ਮੰਗਾਂ ਸਬੰਧੀ ਦਿੱਤੇ ਗਏ ਭਰੋਸਿਆਂ ਨੂੰ ਜਲਦੀ ਅਮਲ ਵਿੱਚ ਲਿਆਂਦਾ ਜਾਵੇ, ਤਾਂ ਜੋ ਪਰਿਵਾਰ ਨੂੰ ਇਨਸਾਫ਼ ਮਿਲ ਸਕੇ।ਇਸ ਮੌਕੇ ਪਰਵਿੰਦਰ ਝੋਟਾ ਦੀ ਪਤਨੀ ਮਨਪ੍ਰੀਤ ਕੌਰ, ਪਿਤਾ ਭੀਮ ਸਿੰਘ, ਇਨਸਾਫ਼ ਕਮੇਟੀ ਦੇ ਆਗੂ ਮਣਿਕ ਗੋਇਲ ਅਤੇ ਗੁਰਜੰਟ ਸਿੰਘ ਸਮੇਤ ਕਈ ਵਿਅਕਤੀਆਂ ਨੇ ਆਪਣੇ ਵਿਚਾਰ ਰੱਖੇ।ਇਸ ਤੋਂ ਇਲਾਵਾ ਸਾਬਕਾ ਵਿਧਾਇਕ ਹਰਦੇਵ ਅਰਸ਼ੀ, ਸੇਵਾਮੁਕਤ ਡੀਐੱਸਪੀ ਬਲਵਿੰਦਰ ਸਿੰਘ ਸੇਖੋਂ, ਪ੍ਰੋਮ ਅਰੋੜਾ, ਲੱਖਾ ਸਿਧਾਣਾ, ਭਾਨਾ ਸਿੱਧੂ, ਬਿਕਰਮ ਮੋਫਰ ਅਤੇ ਬਲਕੌਰ ਸਿੱਧੂ ਵੀ ਧਰਨੇ ਦੌਰਾਨ ਮੌਜੂਦ ਰਹੇ।ਪੋਸਟਮਾਰਟਮ ਅਤੇ ਸਸਕਾਰ ਬਾਰੇ ਹਾਲੇ ਤੱਕ ਕੋਈ ਸਹਿਮਤੀ ਨਾ ਬਣਨ ਕਾਰਨ ਮਾਮਲਾ ਅਣਸੁਲਝਿਆ ਹੈ। ਹੁਣ ਸੰਘਰਸ਼ ਕਮੇਟੀ ਅਤੇ SIT ਵਿਚਕਾਰ ਹੋਣ ਵਾਲੀ ਸੰਭਾਵਿਤ ਮੀਟਿੰਗ ‘ਤੇ ਨਜ਼ਰਾਂ ਟਿਕੀਆਂ ਹੋਈਆਂ ਹਨ। ਦੂਜੇ ਪਾਸੇ, ਇਨਸਾਫ਼ ਕਮੇਟੀ ਨੇ ਸਪੱਸ਼ਟ ਕੀਤਾ ਹੈ ਕਿ ਮੰਗਾਂ ਪੂਰੀਆਂ ਹੋਣ ਤੱਕ ਸੰਘਰਸ਼ ਜਾਰੀ ਰਹੇਗਾ।
SikhDiary