ਜ਼ਿੰਦਾਬਾਦ ਯਾਰੀਆਂ ਕਲੱਬ ਵੱਲੋਂ ਕਰਵਾਇਆ ਗਿਆ 7ਵਾਂ ਕੋਸਕੋ ਕ੍ਰਿਕਟ ਟੂਰਨਾਮੈਂਟ

ਮੋਗਾ: ਜ਼ਿੰਦਾਬਾਦ ਯਾਰੀਆਂ ਕਲੱਬ ਵੱਲੋਂ ਮਰਹੂਮ ਸੰਦੀਪ ਸਿੰਘ ਦੀ ਯਾਦ ਵਿੱਚ ਪਿੰਡ ਬਹੋਨਾ ਵਿੱਚ 7ਵਾਂ ਕੋਸਕੋ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਹਲਕਾ ਵਿਧਾਇਕ ਡਾ: ਅਮਨਦੀਪ ਕੌਰ ਅਰੋੜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਇਸ ਦੌਰਾਨ ਉਨ੍ਹਾਂ ਟੂਰਨਾਮੈਂਟ ਵਿੱਚ ਭਾਗ ਲੈ ਰਹੀਆਂ ਵੱਖ-ਵੱਖ ਟੀਮਾਂ ਦੇ ਖਿਡਾਰੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਖੇਡਾਂ ਵਿੱਚ ਉਨ੍ਹਾਂ ਦੀ ਦਿਲਚਸਪੀ ਦੀ ਸ਼ਲਾਘਾ ਕੀਤੀ।ਇਸ ਮੌਕੇ ਵਿਧਾਇਕ ਡਾ: ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਅਹਿਮ ਹਿੱਸਾ ਹਨ । ਖੇਡਾਂ ਰਾਹੀਂ ਨੌਜਵਾਨਾਂ ਵਿੱਚ ਅਨੁਸ਼ਾਸਨ, ਸਖ਼ਤ ਮਿਹਨਤ, ਆਤਮ-ਵਿਸ਼ਵਾਸ, ਅਗਵਾਈ ਯੋਗਤਾ ਅਤੇ ਟੀਮ ਭਾਵਨਾ ਦਾ ਵਿਕਾਸ ਹੁੰਦਾ ਹੈ। ਖੇਡਾਂ ਨਾ ਸਿਰਫ਼ ਸਰੀਰਕ ਤੌਰ ‘ਤੇ ਤੰਦਰੁਸਤ ਰਹਿਣ ਵਿਚ ਸਹਾਈ ਹੁੰਦੀਆਂ ਹਨ ਸਗੋਂ ਮਾਨਸਿਕ ਸ਼ਕਤੀ ਅਤੇ ਸਕਾਰਾਤਮਕ ਸੋਚ ਨੂੰ ਵੀ ਉਤਸ਼ਾਹਿਤ ਕਰਦੀਆਂ ਹਨ।ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਬਹੁਤ ਜ਼ਰੂਰੀ ਹੈ। ਨੌਜਵਾਨਾਂ ਨੂੰ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ਵਿੱਚ ਖੇਡਾਂ ਅਹਿਮ ਭੂਮਿਕਾ ਨਿਭਾਉਂਦੀਆਂ ਹਨ, ਜਦੋਂ ਨੌਜਵਾਨ ਖੇਡਾਂ ਵਿੱਚ ਭਾਗ ਲੈਂਦੇ ਹਨ ਤਾਂ ਉਨ੍ਹਾਂ ਵਿੱਚ ਸਖ਼ਤ ਮਿਹਨਤ ਕਰਨ, ਟੀਚੇ ਤੈਅ ਕਰਨ ਅਤੇ ਚੁਣੌਤੀਆਂ ਦਾ ਸਾਹਮਣਾ ਕਰਨ ਦੀ ਭਾਵਨਾ ਪੈਦਾ ਹੁੰਦੀ ਹੈ।ਵਿਧਾਇਕ ਨੇ ਕਿਹਾ ਕਿ ਪਿੰਡਾਂ ਵਿੱਚ ਅਜਿਹੇ ਖੇਡ ਟੂਰਨਾਮੈਂਟ ਕਰਵਾਉਣਾ ਸ਼ਲਾਘਾਯੋਗ ਉਪਰਾਲਾ ਹੈ। ਇਸ ਨਾਲ ਪੇਂਡੂ ਖੇਤਰਾਂ ਦੇ ਨੌਜਵਾਨਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲਦਾ ਹੈ ਅਤੇ ਆਪਸੀ ਭਾਈਚਾਰੇ, ਸਹਿਯੋਗ ਅਤੇ ਸਿਹਤਮੰਦ ਮੁਕਾਬਲੇ ਦੀ ਭਾਵਨਾ ਮਜ਼ਬੂਤ ​​ਹੁੰਦੀ ਹੈ। ਅਜਿਹੇ ਸਮਾਗਮ ਨੌਜਵਾਨਾਂ ਨੂੰ ਆਪਣੀ ਊਰਜਾ ਨੂੰ ਸਕਾਰਾਤਮਕ ਦਿਸ਼ਾ ਵੱਲ ਚਲਾਉਣ ਲਈ ਪ੍ਰੇਰਿਤ ਕਰਦੇ ਹਨ।ਉਨ੍ਹਾਂ ਜ਼ਿੰਦਾਬਾਦ ਯਾਰੀਆਂ ਕਲੱਬ ਵੱਲੋਂ ਮਰਹੂਮ ਸੰਦੀਪ ਸਿੰਘ ਦੀ ਯਾਦ ਵਿੱਚ ਟੂਰਨਾਮੈਂਟ ਕਰਵਾਉਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਸਮਾਜਿਕ ਸੰਸਥਾਵਾਂ ਅਤੇ ਕਲੱਬਾਂ ਦੀ ਭੂਮਿਕਾ ਅਹਿਮ ਹੈ। ਪੜ੍ਹਾਈ ਦੇ ਨਾਲ-ਨਾਲ ਨੌਜਵਾਨਾਂ ਨੂੰ ਖੇਡਾਂ ਵਿੱਚ ਵੀ ਸਰਗਰਮੀ ਨਾਲ ਹਿੱਸਾ ਲੈਣਾ ਚਾਹੀਦਾ ਹੈ, ਤਾਂ ਜੋ ਉਹ ਸਿਹਤਮੰਦ, ਅਨੁਸ਼ਾਸਿਤ ਅਤੇ ਜ਼ਿੰਮੇਵਾਰ ਨਾਗਰਿਕ ਬਣ ਸਕਣ।