ਲੁਧਿਆਣਾ ’ਚ ਦਹਿਸ਼ਤ: ਦੁਕਾਨਦਾਰ ਨੂੰ ਲਿਫ਼ਾਫ਼ੇ ’ਚ ਮਿਲਿਆ ਕੱਟਿਆ ਹੱਥ
ਲੁਧਿਆਣਾ: ਸ਼ਹਿਰ ਦੇ ਥਾਣਾ ਡਾਬਾ ਅਧੀਨ ਆਉਂਦੇ ਬਾਗੀ ਸਟੈਂਡ ਇਲਾਕੇ ਵਿੱਚ ਇੱਕ ਸਨਸਨੀਖੇਜ਼ ਘਟਨਾ ਸਾਹਮਣੇ ਆਈ। ਮੋਟਰਸਾਈਕਲ ਸਵਾਰ ਅਣਪਛਾਤੇ ਨੌਜਵਾਨ ਇੱਕ ਕਰਿਆਨਾ ਸਟੋਰ ਦੇ ਮਾਲਕ ਨੂੰ ਚਿੱਟਾ ਲਿਫ਼ਾਫ਼ਾ ਦੇ ਕੇ ਫ਼ਰਾਰ ਹੋ ਗਏ। ਦੁਕਾਨਦਾਰ ਨੂੰ ਲਿਫ਼ਾਫ਼ੇ ਵਿੱਚੋਂ ਇੱਕ ਵਿਅਕਤੀ ਦਾ ਕੱਟਿਆ ਹੋਇਆ ਹੱਥ ਮਿਲਿਆ। ਇਸ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।ਜਾਣਕਾਰੀ ਮੁਤਾਬਕ, ਲਿਫ਼ਾਫ਼ਾ ਦੇਣ ਵਾਲੇ ਨੌਜਵਾਨਾਂ ਨੇ ਦੁਕਾਨਦਾਰ ਨੂੰ ਕਿਹਾ ਕਿ ਇਹ ਆਪਣੇ ਗੁਆਂਢੀਆਂ ਤੱਕ ਪਹੁੰਚਾ ਦੇਵੇ। ਨਾਲ ਹੀ ਉਨ੍ਹਾਂ ਨੂੰ ਚੇਤਾਵਨੀ ਦੇਣ ਲਈ ਕਿਹਾ ਕਿ ਜੇਕਰ ਉਹ ਨਾ ਸੁਧਰੇ ਤਾਂ ਉਨ੍ਹਾਂ ਨਾਲ ਵੀ ਅਜਿਹਾ ਹੀ ਹੋਵੇਗਾ। ਇਸ ਤੋਂ ਬਾਅਦ ਮੁਲਜ਼ਮ ਮੋਟਰਸਾਈਕਲ ’ਤੇ ਮੌਕੇ ਤੋਂ ਫ਼ਰਾਰ ਹੋ ਗਏ।ਮੁੱਢਲੀ ਜਾਣਕਾਰੀ ਅਨੁਸਾਰ, ਇਸ ਘਟਨਾ ਦੇ ਤਾਰ ਰੇਰੂ ਸਾਹਿਬ ਗੁਰਦੁਆਰਾ ਸਾਹਿਬ ਦੇ ਨੇੜੇ ਸਵੇਰੇ ਹੋਏ ਝਗੜੇ ਨਾਲ ਜੁੜੇ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਉੱਥੇ ਦੋ ਧਿਰਾਂ ਵਿਚਕਾਰ ਝੜਪ ਹੋਈ ਸੀ। ਇਸ ਦੌਰਾਨ ਇੱਕ ਨੌਜਵਾਨ ਦੇ ਜ਼ਖ਼ਮੀ ਹੋਣ ਅਤੇ ਉਸ ਦਾ ਹੱਥ ਕੱਟੇ ਜਾਣ ਦੀ ਗੱਲ ਸਾਹਮਣੇ ਆਈ ਹੈ। ਹਾਲਾਂਕਿ, ਇਸ ਸਬੰਧੀ ਪੁਲਸ ਦੀ ਜਾਂਚ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋਵੇਗੀ। ਕਥਿਤ ਤੌਰ ’ਤੇ ਜ਼ਖ਼ਮੀ ਨੌਜਵਾਨ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ।ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਪੁਲਿਸ ਟੀਮ ਕਰੀਬ ਡੇਢ ਘੰਟੇ ਦੀ ਦੇਰੀ ਨਾਲ ਮੌਕੇ ’ਤੇ ਪਹੁੰਚੀ। ਇਸ ਨੂੰ ਲੈ ਕੇ ਦੁਕਾਨਦਾਰਾਂ ਅਤੇ ਇਲਾਕਾ ਨਿਵਾਸੀਆਂ ਨੇ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਚੁੱਕੇ।ਪੁਲਿਸ ਨੇ ਕੱਟਿਆ ਹੋਇਆ ਹੱਥ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਬਾਗੀ ਸਟੈਂਡ ਅਤੇ ਰੇਰੂ ਸਾਹਿਬ ਮਾਰਗ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ, ਤਾਂ ਜੋ ਲਿਫ਼ਾਫ਼ਾ ਦੇਣ ਵਾਲੇ ਨੌਜਵਾਨਾਂ ਦੀ ਪਛਾਣ ਕੀਤੀ ਜਾ ਸਕੇ। ਪੁਲਸ ਵੱਲੋਂ ਜ਼ਖ਼ਮੀ ਨੌਜਵਾਨ ਦੀ ਭਾਲ ਵੀ ਕੀਤੀ ਜਾ ਰਹੀ ਹੈ। ਫਿਲਹਾਲ ਘਟਨਾ ਦੇ ਅਸਲ ਕਾਰਨਾਂ ਅਤੇ ਇਸ ਵਿੱਚ ਸ਼ਾਮਲ ਲੋਕਾਂ ਬਾਰੇ ਜਾਂਚ ਜਾਰੀ ਹੈ।
SikhDiary