ਪਟਿਆਲਾ ਨਗਰ ਨਿਗਮ ਚੋਣਾਂ ਨੂੰ ਲੈ ਕੇ ਵੱਡਾ ਫੈਸਲਾ, ਹੁਣ 30 ਵਾਰਡਾਂ ਦੀ ਚੋਣ ਰੱਦ

ਪਟਿਆਲਾ: ਪਟਿਆਲਾ ਨਗਰ ਨਿਗਮ ਦੀਆਂ ਦਸੰਬਰ 2024 ਵਿੱਚ ਹੋਈਆਂ ਚੋਣਾਂ ਨੂੰ ਲੈ ਕੇ ਸੁਪਰੀਮ ਕੋਰਟ ਨੇ ਇੱਕ ਹੋਰ ਅਹਿਮ ਫੈਸਲਾ ਸੁਣਾਇਆ ਹੈ। ਅਦਾਲਤ ਨੇ ਆਪਣੇ ਪਹਿਲਾਂ ਜਾਰੀ ਕੀਤੇ ਹੁਕਮਾਂ ਵਿੱਚ ਸੋਧ ਕਰਦਿਆਂ ਵਾਰਡ ਨੰਬਰ 15 ਅਤੇ 58 ਦੀ ਚੋਣ ਵੀ ਰੱਦ ਕਰ ਦਿੱਤੀ ਹੈ। ਇਸ ਤੋਂ ਪਹਿਲਾਂ 28 ਵਾਰਡਾਂ ਦੀਆਂ ਚੋਣਾਂ ਰੱਦ ਕੀਤੀਆਂ ਗਈਆਂ ਸਨ।ਵਾਰਡ ਨੰਬਰ 15 ਤੋਂ ਆਮ ਆਦਮੀ ਪਾਰਟੀ ਦੀ ਤੇਜਿੰਦਰ ਕੌਰ ਕੌਂਸਲਰ ਸਨ, ਜਦਕਿ ਵਾਰਡ ਨੰਬਰ 58 ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੇ ਕਰੀਬੀ ਮੰਨੇ ਜਾਂਦੇ ਗੁਰਜੀਤ ਸਿੰਘ ਸਾਹਨੀ ਕੌਂਸਲਰ ਸਨ। ਚੋਣ ਰੱਦ ਹੋਣ ਤੋਂ ਬਾਅਦ ਦੋਵੇਂ ਵਾਰਡਾਂ ਵਿੱਚ ਮੁੜ ਚੋਣ ਕਰਵਾਈ ਜਾਵੇਗੀ।ਪਟਿਆਲਾ ਨਗਰ ਨਿਗਮ ਵਿੱਚ ਕੁੱਲ 60 ਵਾਰਡ ਹਨ। ਸੁਪਰੀਮ ਕੋਰਟ ਦੇ ਹੁਣ ਤੱਕ ਦੇ ਹੁਕਮਾਂ ਅਨੁਸਾਰ ਇਨ੍ਹਾਂ ਵਿੱਚੋਂ 30 ਵਾਰਡਾਂ ਦੀਆਂ ਚੋਣਾਂ ਰੱਦ ਹੋ ਚੁੱਕੀਆਂ ਹਨ। ਜਾਣਕਾਰੀ ਅਨੁਸਾਰ ਇਨ੍ਹਾਂ ਵਾਰਡਾਂ ਵਿੱਚ ਮੁੜ ਚੋਣ ਦੀ ਪ੍ਰਕਿਰਿਆ 20 ਨਵੰਬਰ ਤੱਕ ਪੂਰੀ ਕੀਤੇ ਜਾਣ ਦੀ ਸੰਭਾਵਨਾ ਹੈ।ਰਿਪੋਰਟ ਮੁਤਾਬਕ, ਇਨ੍ਹਾਂ ਵਾਰਡਾਂ ਦੀ ਮੁੜ ਚੋਣ ਦੀ ਪ੍ਰਕਿਰਿਆ ਪੰਜਾਬ ਸਰਕਾਰ ਜਾਂ ਸਟੇਟ ਇਲੈਕਸ਼ਨ ਕਮਿਸ਼ਨ ਦੀ ਸਿੱਧੀ ਨਿਗਰਾਨੀ ਦੀ ਬਜਾਏ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਅਗਵਾਈ ਹੇਠ ਬਣੀ ਕਮੇਟੀ ਦੀ ਨਿਗਰਾਨੀ ਵਿੱਚ ਕਰਵਾਈ ਜਾਵੇਗੀ।