ਜਲੰਧਰ ਦੇ ਇਕ ਮੈਡੀਕਲ ਸਟੋਰ ‘ਤੇ ਪੁਲਿਸ ਤੇ ਡਰੱਗ ਇੰਸਪੈਕਟਰ ਵਲੋਂ ਕੀਤੀ ਗਈ ਛਾਪੇਮਾਰੀ
ਜਲੰਧਰ : ਜਲੰਧਰ ਦੇ ਇਕ ਮੈਡੀਕਲ ਸਟੋਰ ‘ਤੇ ਪੁਲਿਸ ਅਤੇ ਡਰੱਗ ਇੰਸਪੈਕਟਰ ਵਲੋਂ ਛਾਪੇਮਾਰੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਬਸਤੀ ਬਾਵਾ ਸਪੋਰਟਸ ਗਰਾਊਂਡ ਨੇੜੇ ਸਥਿਤ ਆਨੰਦ ਮੈਡੀਕਲ ਸਟੋਰ ਅਤੇ ਪ੍ਰਭਜੋਤ ਮੇਡਕਿੱਲ ਸਟੋਰ ‘ਤੇ ਅੱਜ ਸਵੇਰੇ ਡਰੱਗ ਇੰਸਪੈਕਟਰ ਅਮਿਤ ਬਾਂਸਲ ਅਤੇ ਪੁਲਿਸ ਟੀਮ ਨੇ ਛਾਪੇਮਾਰੀ ਕੀਤੀ। ਇਸ ਦੌਰਾਨ ਏ.ਸੀ.ਪੀ. ਆਤਿਸ਼ ਭਾਟੀਆ, ਐਸ.ਐਚ.ਓ. ਸੰਜੀਵ ਸੂਰੀ ਮੌਕੇ ’ਤੇ ਪੁੱਜੇ।ਜਾਣਕਾਰੀ ਮੁਤਾਬਕ , ਪੁਲਿਸ ਅਤੇ ਡਰੱਗ ਇੰਸਪੈਕਟਰ ਨੇ ਨਾਲ ਮਿਲ ਕੇ ਮੈਡੀਕਲ ਸਟੋਰ ਤੋਂ ਬਾਅਦ ਦੁਕਾਨ ਸੰਚਾਲਕ ਆਨੰਦ ਦੇ ਘਰ ‘ਤੇ ਵੀ ਛਾਪੇਮਾਰੀ ਕੀਤੀ। ਇਸ ਦੌਰਾਨ ਪੁਲਿਸ ਨੇ ਪਿਓ-ਪੁੱਤ ਨੂੰ ਕਾਬੂ ਕਰ ਲਿਆ ਹੈ। ਇਸ ਪੂਰੇ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਏ.ਸੀ.ਪੀ ਆਤਿਸ਼ ਭਾਟੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਸਬੰਧੀ ਅੱਜ ਮੀਟਿੰਗ ਦੌਰਾਨ ਉਨ੍ਹਾਂ ਨੂੰ ਬਸਤੀ ਬਾਵਾ ਸਪੋਰਟਸ ਦੀ ਦੁਕਾਨ ‘ਤੇ ਨਸ਼ੀਲੀਆਂ ਗੋਲੀਆਂ ਵਿਕਣ ਦੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਪੁਲਿਸ ਨੇ ਇਕ ਵਿਅਕਤੀ ਨੂੰ ਗਾਹਕ ਬਣ ਕੇ ਦਵਾਈਆਂ ਲੈਣ ਲਈ ਭੇਜਿਆ। ਮੈਡੀਕਲ ਸਟੋਰ ‘ਤੇ ਪਹੁੰਚਿਆ ਵਿਅਕਤੀ ਗਾਹਕ ਬਣ ਕੇ 1000 ਰੁਪਏ ਦੀਆਂ ਨਸ਼ੀਲੀਆਂ ਦਵਾਈਆਂ ਲੈ ਕੇ ਆਇਆ।ਇਸ ਤੋਂ ਬਾਅਦ ਥਾਣਾ ਬਸਤੀ ਬਾਵਾ ਖੇਲ, ਥਾਣਾ 5 ਅਤੇ ਡਰੱਗ ਇੰਸਪੈਕਟਰ ਦੀ ਟੀਮ ਸਮੇਤ ਛਾਪੇਮਾਰੀ ਕੀਤੀ ਗਈ। ਮੌਕੇ ’ਤੇ ਜਾ ਕੇ ਟੀਮ ਨੇ ਦੇਖਿਆ ਕਿ ਦੁਕਾਨਦਾਰ ਪੱਤਿਆਂ ’ਚੋਂ ਨਸ਼ੀਲੀਆਂ ਗੋਲੀਆਂ ਕੱਢ ਕੇ ਕਿਸੇ ਹੋਰ ਡੱਬੇ ’ਚ ਪਾ ਕੇ ਵੇਚ ਰਿਹਾ ਸੀ। ਅਜਿਹੇ ‘ਚ ਡਰੱਗ ਇੰਸਪੈਕਟਰ ਦੀ ਟੀਮ ਨਾਲ ਮਿਲ ਕੇ ਗੋਲੀਆਂ ਬਰਾਮਦ ਕੀਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਹੋਰ ਦੁਕਾਨਦਾਰਾਂ ਦੇ ਟਿਕਾਣਿਆਂ ‘ਤੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। ਏ.ਸੀ.ਪੀ. ਆਤਿਸ਼ ਭਾਟੀਆ ਨੇ ਦੱਸਿਆ ਕਿ ਹੁਣ ਤੱਕ 100 ਤੋਂ ਵੱਧ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਉਸ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਦੁਕਾਨ ‘ਤੇ ਛਾਪੇਮਾਰੀ ਕੀਤੀ ਗਈ ਸੀ ਅਤੇ ਦੁਕਾਨਦਾਰ ਨੂੰ ਜੇਲ੍ਹ ਵੀ ਭੇਜਿਆ ਗਿਆ ਸੀ ਪਰ ਜੇਲ੍ਹ ਤੋਂ ਬਾਹਰ ਆ ਕੇ ਉਸ ਨੇ ਫਿਰ ਤੋਂ ਨਸ਼ੇ ਵਾਲੀਆਂ ਗੋਲੀਆਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਹਨ। ਏ.ਸੀ.ਪੀ. ਨੇ ਕਿਹਾ ਕਿ ਉਹ ਦੁਕਾਨਦਾਰ ਦਾ ਲਾਇਸੈਂਸ ਰੱਦ ਕਰਨ ਲਈ ਡਰੱਗ ਇੰਸਪੈਕਟਰ ਟੀਮ ਨੂੰ ਪੱਤਰ ਲਿਖਣਗੇ ਅਤੇ ਦੁਕਾਨ ਨੂੰ ਸੀਲ ਕਰ ਦਿੱਤਾ ਜਾਵੇਗਾ।
SikhDiary