ਫੂਡ ਵਿਭਾਗ ਦੀ ਟੀਮ ਨੇ ਨਕਲੀ ਦੇਸੀ ਘਿਓ ਬਣਾਉਣ ਵਾਲੀ ਸ਼ੱਕੀ ਥਾਂ ‘ਤੇ ਮਾਰਿਆ ਛਾਪਾ

ਬਰਨਾਲਾ: ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਖੁਰਾਕ ਵਿਭਾਗ ਵੱਲੋਂ ਖਾਣ-ਪੀਣ ਵਾਲੀਆਂ ਵਸਤਾਂ ਦੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਅੱਜ ਸਵੇਰੇ ਫੂਡ ਵਿਭਾਗ ਦੀ ਟੀਮ ਨੇ ਪੁਲਿਸ ਪਾਰਟੀ ਅਤੇ ਵਾਰਡ ਕੌਂਸਲਰ ਦੇ ਨਾਲ ਲੱਖੀ ਕਲੋਨੀ ਦੇ ਪਿੱਛੇ ਸਥਿਤ ਤਾਰਾ ਕਲੋਨੀ ਦੀ ਲੇਨ ਨੰਬਰ 1 ਵਿੱਚ ਇੱਕ ਸ਼ੱਕੀ ਥਾਂ ’ਤੇ ਛਾਪਾ ਮਾਰਿਆ। ਜਾਣਕਾਰੀ ਦਿੰਦਿਆਂ ਫੂਡ ਸੇਫਟੀ ਅਫ਼ਸਰ ਬਰਨਾਲਾ ਚਰਨਜੀਤ ਸਿੰਘ ਨੇ ਦੱਸਿਆ ਕਿ ਵਿਭਾਗ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਉਕਤ ਜਗ੍ਹਾ ‘ਤੇ ਨਕਲੀ ਦੇਸੀ ਘਿਓ ਤਿਆਰ ਕੀਤਾ ਜਾਂਦਾ ਹੈ। ਟੀਮ ਨੇ ਮੌਕੇ ‘ਤੇ ਪਹੁੰਚ ਕੇ ਦੇਖਿਆ ਤਾਂ ਉਥੇ ਵੱਡੇ-ਵੱਡੇ ਤਾਲੇ ਲੱਗੇ ਹੋਏ ਸਨ।ਉਨ੍ਹਾਂ ਦੱਸਿਆ ਕਿ ਸਬੰਧਤ ਵਿਅਕਤੀ ਦੇ ਪਰਿਵਾਰਕ ਮੈਂਬਰ ਵੀ ਮੌਕੇ ’ਤੇ ਪਹੁੰਚ ਗਏ। ਉਸ ਤੋਂ ਚਾਬੀ ਮੰਗੀ ਗਈ ਪਰ ਉਸ ਨੇ ਕਿਹਾ ਕਿ ਉਸ ਕੋਲ ਨਹੀਂ ਹੈ ਅਤੇ ਤਾਲੇ ਤੋੜਨ ਲਈ ਕਿਹਾ। ਇਸ ਤੋਂ ਬਾਅਦ ਸਹਾਇਕ ਐਸ.ਐਚ.ਓ. ਮਨਜੀਤ ਸਿੰਘ, ਵਾਰਡ ਨੰਬਰ 28 ਦੇ ਕੌਂਸਲਰ ਧਰਮ ਸਿੰਘ ਫੌਜੀ ਅਤੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿੱਚ ਤਾਲੇ ਤੋੜ ਕੇ ਅੰਦਰ ਦਾਖਲ ਹੋਏ। ਜਾਂਚ ਦੌਰਾਨ ਇੱਕ ਟੱਬ ਅੰਦਰੋਂ ਕਰੀਬ 3 ਤੋਂ 4 ਕਿਲੋ ਤਾਜਾ ਤਿਆਰ ਕੀਤਾ ਗਿਆ ਦੇਸੀ ਘਿਓ ਮਿਲਿਆ। ਮੌਕੇ ‘ਤੇ ਹੀ ਘਿਓ ਦੇ ਸੈਂਪਲ ਲਏ ਗਏ। ਇਸ ਤੋਂ ਇਲਾਵਾ ਉਥੋਂ ਪਰਮਾਨੰਦ ਘਿਓ ਬ੍ਰਾਂਡ ਦੇ ਖਾਲੀ ਗੱਤੇ ਦੇ ਡੱਬੇ ਵੀ ਬਰਾਮਦ ਹੋਏ ਹਨ। ਇਨ੍ਹਾਂ ਡੱਬਿਆਂ ‘ਤੇ ਨਿਰਮਾਣ ਦੀ ਮਿਤੀ ਜੂਨ 2026 ਸੀ, ਜਦਕਿ ਇਨ੍ਹਾਂ ‘ਤੇ ਲੁਧਿਆਣਾ ਦਾ ਪਤਾ ਲਿ ਖਿਆ ਹੋਇਆ ਸੀ।ਐਫ.ਐਸ.ਓ. ਚਰਨਜੀਤ ਸਿੰਘ ਨੇ ਦੱਸਿਆ ਕਿ ਸਬੰਧਤ ਥਾਂ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਘਿਓ ਦੇ ਸੈਂਪਲ ਲੈ ਕੇ ਜਾਂਚ ਲਈ ਖਰੜ ਦੀ ਲੈਬ ਵਿੱਚ ਭੇਜੇ ਜਾ ਰਹੇ ਹਨ। ਲੈਬ ਦੀ ਰਿਪੋਰਟ ਆਉਣ ਤੋਂ ਬਾਅਦ ਨਿਯਮਾਂ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ। ਬਰਾਮਦ ਹੋਏ ਖਾਲੀ ਡੱਬਿਆਂ ਦੀ ਵੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਘਿਓ ਦੇ ਮਾਲਕ ਵਜੋਂ ਸੁਰੇਸ਼ ਕੁਮਾਰ ਦਾ ਨਾਂ ਸਾਹਮਣੇ ਆਇਆ ਹੈ, ਜਿਸ ਖ਼ਿਲਾਫ਼ ਪਹਿਲਾਂ ਹੀ ਕਾਰਵਾਈ ਕੀਤੀ ਜਾ ਚੁੱਕੀ ਹੈ। ਅਧਿਕਾਰੀ ਅਨੁਸਾਰ ਇਸ ਤੋਂ ਪਹਿਲਾਂ ਤਪਾ ਨੇੜੇ ਵੀ ਉਸ ਕੋਲੋਂ ਵੱਖ-ਵੱਖ ਬਰਾਂਡਾਂ ਦਾ ਦੇਸੀ ਘਿਓ ਬਰਾਮਦ ਹੋਇਆ ਸੀ।ਇਸ ਦੌਰਾਨ ਸਹਾਇਕ ਐਸ.ਐਚ.ਓ ਮਨਜੀਤ ਸਿੰਘ ਨੇ ਦੱਸਿਆ ਕਿ ਖੁਰਾਕ ਵਿਭਾਗ ਨੇ ਛਾਪੇਮਾਰੀ ਲਈ ਪੁਲਿਸ ਸੁਰੱਖਿਆ ਮੰਗੀ ਸੀ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਟੀਮ ਮੌਕੇ ’ਤੇ ਪੁੱਜੀ ਅਤੇ ਪਰਿਵਾਰਕ ਮੈਂਬਰਾਂ ਅਤੇ ਕੌਂਸਲਰ ਦੀ ਹਾਜ਼ਰੀ ਵਿੱਚ ਕਾਰਵਾਈ ਕੀਤੀ ਗਈ।ਇਸ ਦੌਰਾਨ ਵਾਰਡ ਨੰਬਰ 28 ਦੇ ਕੌਂਸਲਰ ਧਰਮ ਸਿੰਘ ਫੌਜੀ ਨੇ ਦੱਸਿਆ ਕਿ ਖੁਰਾਕ ਵਿਭਾਗ ਅਤੇ ਪੁਲਿਸ ਦੀ ਸਾਂਝੀ ਕਾਰਵਾਈ ਦੌਰਾਨ ਕਰੀਬ 3 ਤੋਂ 4 ਕਿਲੋ ਦੇਸੀ ਘਿਓ ਅਤੇ ਪੈਕਿੰਗ ਸਮੱਗਰੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਸਾਰੀ ਕਾਰਵਾਈ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿੱਚ ਕੀਤੀ ਗਈ। ਪਹਿਲਾਂ ਚਾਬੀ ਮੰਗੀ ਗਈ ਸੀ ਪਰ ਚਾਬੀ ਨਾ ਮਿਲਣ ਕਾਰਨ ਉਸ ਦੀ ਹਾਜ਼ਰੀ ਵਿੱਚ ਤਾਲੇ ਤੋੜ ਦਿੱਤੇ ਗਏ।