ਅੰਮ੍ਰਿਤਸਰ ਜ਼ਿਲ੍ਹੇ ‘ਚ ਪਲਾਟ ‘ਚੋਂ ਪੀਲੇ ਲਿਫ਼ਾਫ਼ੇ ‘ਚ ਲਪੇਟੀ ਇੱਕ ਅਸਾਲਟ ਰਾਈਫ਼ਲ ਹੋਈ ਬਰਾਮਦ
ਅੰਮ੍ਰਿਤਸਰ: ਜ਼ਿਲ੍ਹੇ ਵਿੱਚ ਹਥਿਆਰ ਬਰਾਮਦ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪਿੰਡ ਲੁਹਾਰਕਾ ਰੋਡ ਨੇੜੇ ਇੱਕ ਪਲਾਟ ਵਿੱਚੋਂ ਪੀਲੇ ਲਿਫ਼ਾਫ਼ੇ ਵਿੱਚ ਲਪੇਟੀ ਇੱਕ ਅਸਾਲਟ ਰਾਈਫ਼ਲ ਬਰਾਮਦ ਹੋਈ ਹੈ। ਇਹ ਜਾਣਕਾਰੀ ਮਿਲਟਰੀ ਇੰਟੈਲੀਜੈਂਸ ਅੰਮ੍ਰਿਤਸਰ ਦੇ ਮੁਲਾਜ਼ਮਾਂ ਨੂੰ ਮਿਲੀ, ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਮਾਮਲਾ ਦਰਜ ਕਰ ਲਿਆ ਹੈ।ਦੱਸਿਆ ਜਾ ਰਿਹਾ ਹੈ ਕਿ ਬੀਤੀ 11 ਅਕਤੂਬਰ ਨੂੰ ਪੁਲਿਸ ਮੀਰਾਕੋਟ ਖੁਰਦ ਇਲਾਕੇ ‘ਚ ਗਸ਼ਤ ‘ਤੇ ਸੀ। ਇਸੇ ਦੌਰਾਨ ਉਨ੍ਹਾਂ ਦੇ ਨਾਲ ਮਿਲਟਰੀ ਇੰਟੈਲੀਜੈਂਸ ਅੰਮ੍ਰਿਤਸਰ ਦੇ ਮੁਲਾਜ਼ਮ ਆਏ ਜਿਨ੍ਹਾਂ ਨੇ ਸੂਚਨਾ ਦਿੱਤੀ ਕਿ , ਲੁਹਾਰਕਾ ਰੋਡ ‘ਤੇ ਕੈਂਬਰਿਜ ਸਕੂਲ ਦੇ ਨੇੜੇ ਇੱਕ ਪਲਾਟ ਵਿੱਚ ਹਥਿਆਰ ਛੁਪਾ ਕੇ ਰੱਖੇ ਹੋ ਸਕਦੇ ਹਨ । ਇਸ ਤੋਂ ਬਾਅਦ ਏ.ਐਸ.ਆਈ ਸਰਵਣ ਸਿੰਘ ਨੇ ਪੁਲਿਸ ਅਤੇ ਮਿਲਟਰੀ ਇੰਟੈਲੀਜੈਂਸ ਦੇ ਮੁਲਾਜ਼ਮਾਂ ਦੇ ਨਾਲ ਮੌਕੇ ‘ਤੇ ਪਹੁੰਚ ਕੇ ਤਲਾਸ਼ੀ ਮੁਹਿੰਮ ਚਲਾਈ।ਇਸ ਦੌਰਾਨ ਉਥੋਂ ਇੱਕ ਪੀਲੇ ਰੰਗ ਦਾ ਲਿਫਾਫਾ ਬਰਾਮਦ ਹੋਇਆ, ਜਦੋਂ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ ਇੱਕ ਅਸਾਲਟ ਰਾਈਫਲ ਬਰਾਮਦ ਹੋਈ। ਪੁਲਿਸ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਬਰਾਮਦ ਹੋਈ ਰਾਈਫਲ ਦੀ ਬਾਡੀ ‘ਤੇ CAL 223 BORE S/A ਲਿਖਿਆ ਹੋਇਆ ਸੀ। ਪੁਲਿਸ ਦਾ ਕਹਿਣਾ ਹੈ ਕਿ ਰਾਈਫਲ ਦੇ ਨਾਲ ਕੋਈ ਮੈਗਜ਼ੀਨ ਨਹੀਂ ਮਿਲਿਆ ਹੈ, ਇਸ ਹਥਿਆਰ ਨੂੰ ਕਿਸਨੇ ਅਤੇ ਕਿਉਂ ਛੁਪਾਇਆ ਸੀ ਇਸ ਦੀ ਜਾਂਚ ਚਲ ਰਹੀ ਹੈ ।
SikhDiary